ਨਾਵਲ ਸਰਕਾਰ-ਏ-ਖ਼ਾਲਸਾ: ਬੰਦਾ ਸਿੰਘ ਬਹਾਦਰ

ਨਾਵਲਕਾਰ : ਬਲਰਾਜ ਸਿੰਘ ਸਿੱਧੂ ਯੂ ਕੇ
ਪ੍ਰਕਾਸ਼ਕ : ਸੋਸ਼ਲ ਨੈੱਟਵਰਕ ਮੀਡੀਆ ਛਪਣ ਵਰ੍ਹਾ : 2018, ਮੁੱਲ : 500 ਰੁਪਏ, ਪੰਨੇ : 360 ....ਸੰਪਰਕ : 0044-77130-38541 (Whatsapp)
ਸ੍ਰੀ ਦਸਮੇਸ਼ ਪਿਤਾ ਜੀ ਦਾ ਨਿਵਾਜਿਆ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦਾ ਮਹਾਨ ਨਾਇਕ ਹੈ। ਬਹੁਤ ਥੋੜ੍ਹੇ ਸਮੇਂ ਵਿਚ ਹੀ ਉਸ ਨੇ ਮੁਗ਼ਲ ਸਲਤਨਤ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਖ਼ਾਲਸਾ ਰਾਜ ਕਾਇਮ ਕੀਤਾ। ਇਹ ਨਾਵਲ ਇਤਿਹਾਸ, ਗਲਪ, ਕਲਾ ਅਤੇ ਕਲਪਨਾ ਦਾ ਸੁਮੇਲ ਹੈ। ਲਿਖਾਰੀ ਨੇ ਆਪਣੇ ਹਿਸਾਬ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਚਰਿੱਤਰ ਪੇਸ਼ ਕੀਤਾ ਹੈ। ਇਹ ਨਾਵਲ ਉਸ ਨੇ ਬਾਬਾ ਜੀ ਦੀ ਆਤਮਾ ਰਾਹੀਂ ਬਿਆਨ ਕੀਤਾ ਹੈ ਜਿਵੇਂ-'ਕਦੇ ਮੈਂ ਵੀ ਤੁਹਾਡੇ ਵਾਂਗ ਹੱਡ-'ਮਾਸ ਭਾਵ ਅਗਨੀ, ਵਾਯੂ, ਪ੍ਰਿਥਵੀ, ਆਕਾਸ਼ ਅਤੇ ਜਲ ਦੇ ਮਿਸ਼ਰਣ, ਪੰਜ ਤੱਤਾਂ ਦਾ ਬਣਿਆ ਇਨਸਾਨ ਹੁੰਦਾ ਸੀ। ਅਸਲ ਵਿਚ ਹੁਣ ਮੈਂ ਸਰੀਰਕ ਜਾਮਾ ਤਿਆਗ ਚੁੱਕੀ ਆਜ਼ਾਦ ਰੂਹ ਹਾਂ। ਜਦੋਂ ਅਠਾਰ੍ਹਵੀਂ ਸਦੀ ਦੇ ਭਾਰਤ ਦੀ ਕਰਮਭੂਮੀ 'ਤੇ ਮੈਂ ਸਰੀਰਕ ਰੂਪ ਵਿਚ ਦੁਨੀਆ 'ਤੇ ਵਿਚਰਿਆ ਸੀ ਤਾਂ ਉਦੋਂ ਮੇਰੇ ਬੁੱਤ ਦਾ ਨਾਂਅ ਬੰਦਾ ਬਹਾਦਰ ਸੀ। ਹੁਣ ਮੈਂ ਉਸ ਦੇ ਵਜੂਦ ਵਿਚੋਂ ਨਿਕਲੀ ਹੋਈ ਮਹਿਜ਼ ਆਤਮਾ ਹਾਂ। ਆਤਮਾ ਨਾ ਜੰਮਦੀ ਹੈ, ਨਾ ਮਰਦੀ ਹੈ। ਬਸ ਇਕ ਸਰੀਰ ਤੋਂ ਦੂਜੇ ਸਰੀਰ ਵਿਚ ਚੋਲਾ ਬਦਲਣ ਵਾਂਗ ਪ੍ਰਵੇਸ਼ ਕਰਦੀ ਰਹਿੰਦੀ ਹੈ। ਬੰਦਾ ਸਿੰਘ ਬਹਾਦਰ ਦੇ ਲਿਬਾਸ ਤੋਂ ਬਾਅਦ ਕੋਈ ਦੇਹ ਰੂਪੀ ਚੋਲਾ ਮੇਰੇ ਮੇਚ ਹੀ ਨਹੀਂ ਸੀ ਆਇਆ। ਇਸੇ ਲਈ ਮੈਂ ਅੱਜ ਵੀ ਸੁਤੰਤਰ ਆਤਮਾ... ਇਕ ਆਜ਼ਾਦ ਰੂਹ ਹਾਂ।'
ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਅੱਗ ਦੀ ਲਾਟ ਵਰਗਾ ਹੈ। ਉਸ ਨੇ ਮਹਾਨ ਕਾਰਨਾਮੇ ਅਤੇ ਪਰਿਵਾਰ ਸਮੇਤ ਮਹਾਨ ਕੁਰਬਾਨੀ ਦਿੱਤੀ। ਲੇਖਕ ਨੇ ਸਿੱਖ ਇਤਿਹਾਸ ਦੇ ਨਾਲ-ਨਾਲ ਮੁਗਲਾਂ, ਮਰਾਠਿਆਂ ਅਤੇ ਰਾਜਪੂਤਾਂ ਦੇ ਇਤਿਹਾਸ ਨੂੰ ਵੀ ਦ੍ਰਿਸ਼ਟੀਗੋਚਰ ਕੀਤਾ ਹੈ। ਇਉਂ ਇਹ ਨਾਵਲ ਇਕ ਇਤਿਹਾਸਕ ਦਸਤਾਵੇਜ਼ ਬਣ ਗਿਆ ਹੈ, ਜਿਸ ਨੂੰ ਕਲਪਨਾ ਦੀ ਪੁੱਠ ਚਾੜ੍ਹ ਕੇ ਦਿਲਚਸਪ ਬਣਾਇਆ ਗਿਆ ਹੈ। ਇਹ ਵੱਡਆਕਾਰੀ ਨਾਵਲ ਬਹੁਤ ਖੋਜ ਅਤੇ ਮਿਹਨਤ ਨਾਲ ਲਿਖਿਆ ਗਿਆ ਹੈ। ਫਿਰ ਵੀ ਇਸ ਵਿਚ ਕਈ ਵਿਵਾਦਿਤ ਗੱਲਾਂ ਹਨ।
-ਡਾ: ਸਰਬਜੀਤ ਕੌਰ ਸੰਧਾਵਾਲੀਆ

ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਦੇ ਵਰਕੇ ਫ਼ੋਲਦਾ ਨਾਵਲ 'ਸ਼ਹੀਦ'


ਲੋਕ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਅਤੇ ਕਲਾ ਬਾਰੇ ਪਹਿਲਾ ਵੀ ਕਈ ਲੇਖਕਾਂ ਨੇ ਕਿਤਾਬਾਂ ਲਿਖੀਆਂ ਹਨ, ਪਰ ਇੰਗਲੈਂਡ ਵਾਸੀ ਬਲਰਾਜ ਸਿੰਘ ਸਿੱਧੂ ਨੇ ਚਮਕੀਲੇ ਦੀ ਸੰਘਰਸ਼ਮਈ ਜ਼ਿੰਦਗੀ ਨਾਲ ਜੁੜੇ ਅਣਛੋਹੇ ਤੱਥਾਂ ਨੂੰ ਨਾਵਲ 'ਸ਼ਹੀਦ' ਦਾ ਨਾਂ ਦੇ ਕੇ ਉਸਦੇ ਪ੍ਰਸ਼ੰਸਕਾਂ/ਪਾਠਕਾਂ ਦੀ ਨਜ਼ਰ ਕੀਤਾ ਹੈ।ਜਿਸਦੀ ਚਰਚਾ ਪੰਜਾਬੀ ਗਾਇਕਾਂ ਅਤੇ ਆਲੋਚਕਾਂ ਵਿਚ ਬਹੁਤ ਮਘੀ ਹੋਈ ਹੈ। ਸਭ ਤੋਂ ਵੱਡੀ ਗੱਲ ਇਹ ਕਿ ਬਲਰਾਜ ਸਿੱਧੂ ਨੇ ਇਸ ਨਾਵਲ ਦਾ ਸਿਰਲੇਖ 'ਸ਼ਹੀਦ' ਰੱਖ ਕੇ ਚਮਕੀਲੇ ਨੁੰ ਪੰਜਾਬੀ ਗਾਇਕੀ ਦੇ ਖੇਤਰ ਵਿਚ 'ਸ਼ਹੀਦ' ਦਾ ਦਰਜ਼ਾ ਦੇਣ ਦੀ ਗੱਲ ਕੀਤੀ ਹੈ, ਜੋ ਬਹੁਤਿਆਂ ਨੂੰ ਹਜ਼ਮ ਨਹੀਂ ਹੋਈ। ਲੇਖਕ ਨੇ ਚਮਕੀਲੇ ਦੇ ਇਸ ਨਾਵਲ ਵਿਚ ਉਸਦੀ ਜ਼ਿੰਦਗੀ ਦੇ ਭੇਦ ਉਜਾਗਰ ਕਰਦਿਆਂ ਅਨੇਕਾਂ ਕੋੜੇ-ਮਿੱਠੇ ਤਜਰਬਿਆ ਨੂੰ ਸਾਂਝਾ ਕੀਤਾ ਹੈ। ਜਿਹੜੀਆਂ ਗੱਲਾਂ ਦਾ ਵਿਸਥਾਰ ਪੂਰਵਕ ਵਰਨਣ ਪਹਿਲੇ ਲੇਖਕ ਆਪਣੀਆਂ ਕਿਤਾਬਾਂ ਵਿਚ ਨਹੀਂ ਕਰ ਸਕੇ, ਉਹ ਸਿੱਧੂ ਨੇ ਆਪਣੀ ਬੇਬਾਕ ਸ਼ਬਦਾਵਲੀ 'ਚ ਬੜੀ ਨਿਡਰਤਾ ਨਾਲ ਕੀਤਾ ਹੈ।

ਧਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਬਣ ਕੇ ਪੰਜਾਬੀ ਗਾਇਕੀ ਦੇ ਅੰਬਰਾਂ 'ਤੇ ਚਮਕਣ ਵਾਲਾ ਚਮਕੀਲਾ' ਆਪਣੇ ਪਿੰਡ ਦੁੱਗਰੀ ਦਾ ਨਾਂ ਦੁਨੀਆਂ ਭਰ ਦੇ ਨਕਸ਼ੇ 'ਤੇ ਚਮਕਾਅ ਗਿਆ। 27 ਸਾਲ ਪਹਿਲਾਂ ਅੱਤਵਾਦ ਦੇ ਦੌਰ ਵਿਚ ਮਾੜੇ ਹਾਲਾਤਾਂ ਦੀ ਭੇਟ ਚੜ੍ਹਿਆ ਇਹ ਗਾਇਕ ਆਪਣੀ ਸਾਥਣ ਗਾਇਕਾ ਅਤੇ ਸ਼ਾਜੀਆਂ ਸਮੇਤ ਕੁਝ ਅਖੌਤੀ ਲੋਕਾਂ ਦੀ ਸਾਜਿਸ਼ ਦਾ ਸ਼ਿਕਾਰ ਹੋ ਗਿਆ। ਦਿਨਾਂ ਵਿਚ ਹੀ ਆਪਣੀ ਲੇਖਣੀ ਅਤੇ ਗਾਇਕੀ ਨਾਲ ਆਪਣੇ ਉਸਤਾਦਾਂ ਅਤੇ ਸਮਕਾਲੀਆਂ ਤੋਂ ਅੱਗੇ ਲੰਘਣ ਵਾਲੇ ਚਮਕੀਲੇ ਨੇ ਆਪਣੀ ਕਲਾ ਦੇ ਐਸੇ ਝੰਡੇ ਗੱਡੇ ਕਿ ਬਹੁਤਿਆਂ ਦੇ ਵਾਜੇ-ਢੋਲਕੀਆਂ ਵੱਜਣੇ ਬੰਦ ਹੋ ਗਏ ਸੀ। ਗਰੀਬੀ ਦੀ ਦਲਦਲ ਵਿਚੋਂ ਕਮਲ ਬਣ ਕੇ ਉੱਠਿਆ ਧਨੀ, ਗਾਇਕੀ ਦੇ ਖੇਤਰ ਵਿਚ ਕੋਹਿਨੂਰ ਹੀਰਾ ਬਣਕੇ ਚਮਕਿਆ। ਉਸਨੇ ਇੱਕ ਦਿਨ ਵਿਚ ਚਾਰ ਚਾਰ ਅਖਾੜੇ ਵੀ ਲਾਏ ਤੇ ਸਾਲ ਦੇ 365 ਦਿਨਾਂ ਵਿਚ 430 ਪ੍ਰੌਗਰਾਮ ਕਰਨ ਦਾ ਵੀ ਰਿਕਾਰਡ ਕਾਇਮ ਕੀਤਾ। ਪੈਸੇ ਅਤੇ ਸ਼ੌਹਰਤ ਦੇ ਅੰਬਰਾਂ 'ਤੇ ਉਡਾਰੀਆਂ ਮਾਰਦੇ ਚਮਕੀਲੇ ਨੇ ਆਪਣੇ ਅਤੀਤ ਨੂੰ ਨਹੀਂ ਭੁਲਾਇਆ। ਉਸਨੇ ਆਪਣੀ ਗ਼ਰੀਬੀ ਨੂੰ ਕਦੇ ਅੱਖੋਂ ਪਰੋਖੇ ਵੀ ਨਹੀਂ ਕੀਤਾ। ਅਮੀਰ ਹੋ ਕੇ ਵੀ ਉਹ ਗਰੀਬਾਂ ਦਾ ਹਮਦਰਦ ਬਣਿਆ ਰਿਹਾ। ਉਸਨੇ ਕਦੇ ਆਪਣੀ ਚੜਾ੍ਹਈ ਦਾ ਗਰੂਰ ਨਹੀਂ ਪਾਲਿਆ। ਉਸ ਨਾਲ ਜੁੜੇ ਸਾਜ਼ੀ,ਦਫ਼ਤਰੀ ਅਮਲੇ ਦੇ ਲੋਕ ਰੱਜਵੀਂ ਰੋਟੀ ਖਾਣ ਲੱਗੇ ਪਏ ਸੀ।
ਇਸ ਨਾਵਲ ਦਾ ਅੰਤਲਾ ਕਾਂਡ ਕਿਸੇ ਫ਼ਿਲਮੀ ਕਲਾਈਮੈਕਸ ਵਾਂਗ ਹੈ। ਇੰਝ ਲੱਗਦਾ ਹੈ ਜਿਵੇਂ ਸਾਰਾ ਕੁਝ ਅੱਖਾਂ ਸਾਹਮਣੇ ਹੋ ਰਿਹਾ ਹੋਵੇ। ਜਣੇਪੇ ਤੋਂ ਬਾਅਦ ਪਹਿਲੀ ਵਾਰ ਪ੍ਰੌਗਰਾਮ 'ਤੇ ਗਈ ਅਮਰਜੌਤ ਨੂੰ ਮਾਇਕ ਤੱਕ ਜਾਣਾ ਵੀ ਨਸੀਬ ਨਾ ਹੋਇਆ। ਇੱਕ ਗਿਣੀ-ਮਿਥੀ ਸ਼ਾਜਿਸ ਤਹਿਤ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਵਿਆਹ ਦੇ ਭਰੇ ਮਾਹੌਲ ਵਿਚ,ਉਸਦੇ ਹਜ਼ਾਰਾਂ ਪ੍ਰਸ਼ੰਸਕਾਂ ਦੇ ਇਕੱਠ ਵਿਚ ਕੁਝ ਅਖੌਤੀ ਸੰਗਠਨਾਂ ਦੇ ਦਾਅਵੇਦਾਰਾਂ ਵਲੋਂ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਇੰਝ ਲੱਗਦਾ ਹੈ ਜਿਵੇਂ ਇਸ ਕਲਾਕਾਰ ਦਾ ਅੰਤ ਸਾਰੇ ਪੰਜਾਬ ਦੇ ਕਾਲਜੇ ਵਲੂੰਧਰ ਗਿਆ ਹੋਵੇ। 
ਬਲਰਾਜ ਸਿੱਧੂ ਦੇ ਪਹਿਲੇ ਲਿਖੇ ਨਾਵਲਾਂ ਦੀ ਪਰਖ-ਪੜਚੋਲ ਕਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਉਹ ਬੜਾ ਬੇਬਾਕ ਤੇ ਨਿਧੱੜਕ ਹੋ ਕੇ ਲਿਖਣ ਵਾਲਾ ਲੇਖਕ ਹੈ। ਪਾਠਕ ਨੂੰ ਲਿਖਤ ਨਾਲ ਜੋੜੀ ਰੱਖਣ ਦੀ ਉਸ ਕੋਲ ਤਕਨੀਕ ਹੈ। ਰੁਮਾਂਟਿਕਤਾਂ ਦੀ ਚਾਸ਼ਨੀ 'ਚ ਨੁਚੜਦੇ ਵਿਸ਼ਿਆਂ 'ਤੇ ਉਸਦੀ ਪਕੜ ਵਧੇਰੇ ਰਹਿੰਦੀ ਹੈ। ਇਸ ਨਾਵਲ ਵਿਚ ਵੀ ਉਸਨੇ ਪਾਠਕਾਂ ਨੂੰ ਅਜਿਹੇ ਸੁਆਦ ਤੋਂ ਅਭਿੱਜ ਨਹੀਂ ਰੱਖਿਆ। ਦੂਜੀ ਪਤਨੀ ਅਮਰਜੋਤ ਦੇ ਜਣੇਪਾ ਦਿਨਾਂ ਦੌਰਾਨ ਚਮਕੀਲੇ ਨਾਲ ਪ੍ਰੋਗਰਾਮਾਂ 'ਤੇ ਜਾਣ ਵਾਲੀ ਇੱਕ ਸਹਿ-ਗਾਇਕਾ ਦੇ ਦਿਲ ਵਿਚ ਚਮਕੀਲੇ ਪ੍ਰਤੀ ਬਲਦੀ ਇਸ਼ਕੇ ਦੀ ਲਾਟ ਵੀ ਸਪਸ਼ਟ ਰੂਪ ਵਿਚ ਸਾਹਮਣੇ ਆਉਂਦੀ ਹੈ, ਪਰ ਚਮਕੀਲਾ ਇਸ ਮਾਮਲੇ ਵਿਚ ਸਭ ਕੁਝ ਜਾਣਦਾ ਹੋਇਆ ਵੀ ਹੋਰਨਾਂ ਗਾਇਕਾਂ ਵਾਂਗ ਆਪਣੇ ਜਤ-ਸਤ ਤੋਂ ਨਹੀਂ ਡੋਲਦਾ। ਇਸ ਤਰ੍ਹਾਂ ਲੇਖਕ ਨੇ ਗੀਤਾਂ ਦੇ ਗਰਮ ਵਿਸ਼ੇ ਕਰਕੇ ਮਸ਼ਹੂਰ ਚਮਕੀਲੇ ਨੂੰ ਨਿੱਜੀ ਜ਼ਿੰਦਗੀ ਵਿਚ ਔਰਤ ਦੇ ਸਤਿਕਾਰ ਦਾ ਪਾਤਰ ਵਿਖਾਇਆ ਹੈ। ਮੋਰਾਂ ਦਾ ਮਹਾਰਾਜਾ, ਮਸਤਾਨੀ, ਅੱਗ ਦੀ ਲਾਟ' ਪੁਸਤਕਾਂ ਵਾਂਗ ਉਸਦਾ ਇਹ ਨਾਵਲ 'ਸ਼ਹੀਦ' ਵੀ ਗਰਮ ਪਕੋੜਿਆਂ ਵਾਂਗ ਵਿਕ ਰਿਹਾ ਹੈ। ਇਸ ਬਾਰੇ ਬਲਰਾਜ ਦਾ ਕਹਿਣਾ ਹੈ ਕਿ ਬਹੁਤ ਘੱਟ ਲੇਖਕ ਹਨ ਜਿੰਨ੍ਹਾਂ ਦੀਆਂ ਪੁਸਤਕਾਂ ਨੂੰ ਇਸ ਤਰ੍ਹਾਂ ਪਾਠਕਾਂ ਦਾ ਸਮੂਹ ਮਿਲਦਾ ਹੈ। ਬਹੁਤੇ ਲੇਖਕਾਂ ਦੀ ਤਰਾਸ਼ਦੀ ਹੈ ਕਿ ਉਨ੍ਹਾਂ ਨੂੰ ਆਪਣੀ ਪੁਸਤਕ ਪ੍ਰਸ਼ਾਦਿ ਦੀ ਤਰ੍ਹਾਂ ਵੰਡਣੀ ਪੈਂਦੀ ਹੈ।
ਇਸ ਨਾਵਲ ਨੂੰ ਪੜਦਿਆਂ ਇੰਝ ਮਹਿਸੂਸ ਹੁੰਦਾ ਹੈ ਕਿ ਚਮਕੀਲਾ ਮਰਿਆ ਨਹੀਂ ਬਲਕਿ ਜਿਊਂਦਾ ਹੋਵੇ ।ਜ਼ਰਾ ਸੋਚੋ, ਮਾਰਚ 1988 ਨੂੰ ਕਤਲ ਕੀਤੇ ਚਮਕੀਲਾ ਜੋੜੀ ਦੇ ਗਾਏ ਗੀਤਾਂ ਨੂੰ ਅੱਜ 27 ਸਾਲਾਂ ਬਾਅਦ ਵੀ ਪਹਿਲਾਂ ਨਾਲੋਂ ਕਿਤੇ ਵੱਧ ਨਵੀਂ ਪੀੜ੍ਹੀ ਦੇ ਸਰੋਤੇ ਸੁਣ ਰਹੇ ਹਨ। ਅੱਜ ਦੇ ਬਹੁਤੇ ਗਾਇਕ ਚਮਕੀਲੇ ਦੇ ਗੀਤਾਂ, ਤਰਜ਼ਾਂ ਨੂੰ ਗਾ ਰਹੇ ਹਨ। ਅਨੇਕਾਂ ਵਿਦਿਆਰਥੀ ਉਸਦੀ ਕਲਾ ਜ਼ਿੰਦਗੀ 'ਤੇ ਪੀ ਐੱਚ ਡੀ ਕਰ ਰਹੇ ਹਨ।ਫ਼ਿਲਮਾਂ ਬਣ ਰਹੀਆਂ ਹਨ, ਨਾਵਲ, ਜ਼ਿੰਦਗੀਨਾਮੇ ਲਿਖੇ ਜਾ ਰਹੇ ਹਨ। ਕੀ ਪਹਿਲਾਂ ਅਜਿਹਾ ਕਿਸੇ ਹੋਰ ਮਰ ਚੁੱਕੇ ਗਾਇਕ ਦੇ ਹਿੱਸੇ ਆਇਆ ਹੈ...?
ਬਲਰਾਜ ਸਿੰਘ ਸਿੱਧੂ ਇਸ ਨਾਵਲ 'ਸ਼ਹੀਦ' ਦੀ ਸਿਰਜਣਾ ਲਈ ਇੱਕ ਵੱਡੀ ਵਧਾਈ ਦਾ ਪਾਤਰ ਹੈ।ਇਸ ਨਾਵਲ ਸਦਕਾ ਉਸਦਾ ਸਾਹਿਤਕ ਕੱਦ ਹੋਰ ਵੀ ਉੱਚਾ ਹੋਇਆ ਹੈ। ਸੰਗੀਤ ਨਾਲ ਜੁੜੇ ਲੋਕਾਂ ਲਈ ਇਹ ਨਾਵਲ ਵਾਰ ਵਾਰ ਪੜ੍ਹਨ ਵਾਲਾ ਤੇ ਸਾਂਭਣਯੋਗ ਹੈ। ਪੰਜਾਬ ਪਬਲੀਕੇਸ਼ਨ ਵਲੋਂ ਪ੍ਰਕਾਸ਼ਿਤ ਇਹ ਪੁਸਤਕ ਪੰਜਾਬ ਵਿਚ 99154-16013 ਅਤੇ ਇੰਗਲੈਂਡ ਵਿਚ+0044-7713-038-541 'ਤੇ ਕਾਲ ਕਰਕੇ ਹਾਸਿਲ ਕੀਤੀ ਜਾ ਸਕਦੀ ਹੈ। 
-੦- 
ਸੁਰਜੀਤ ਜੱਸਲ 9814607737 

Readers view

ਬਲਰਾਜ ਸਿੰਘ ਬਾਈ ਜੀ , "ਮੋਰਾਂ ਦਾ ਮਹਾਰਾਜਾ" ਬਹੁਤ ਵਧੀਆ ਕਿਤਾਬ ਲੱਗੀ, ਇਹ ਪਹਿਲੀ ਕਹਾਣੀ ਪੁਸਤਕ ਹੈ ਜਿਸ ਵਿੱਚ ਮੈ ਜਮਾ ਬੋਰ ਨਹੀਂ ਹੋਯਾ, ਜਿਵੇ ਜਿਵੇਂ ਪੜ੍ਹੀ ਜਾਓ ਇੰਟਰਸਟ ਹੋਰ ਵੱਧ ਦਾ ਜਾਂਦਾ ਏ , ਤੁਸੀਂ ਜੇੜੀ ਆਪਣੀ ਕਲਾ ਤੇ ਕਲਪਨਾ ਦੀ ਘੁੱਸਪੈਠ ਕੀਤੀ ਹੈ ਸ਼ਾਇਦ ਇਹ ਉਸੇ ਦਾ ਨਤੀਜਾ ਹੈ ! ਮਹਾਰਾਜੇ ਬਾਰੇ ਪਹਿਲਾ ਵੀ ਬੜਾ ਪੜ੍ਹਿਆ ਤੇ ਸੁਣਿਆ ਪਰ ਜੋ ਏਸ ਕਿਤਾਬ ਰਾਹੀ ਰਣਜੀਤ ਸਿੰਘ ਬਾਰੇ ਜਾਣਕਾਰੀ ਮਿਲੀ ਉਹ ਬਿਲਕੁਲ ਵੱਖਰੀ ਤੇ ਅਣਸੁਣੀ ਸੀ , ਸਭ ਤੋ ਜਯਾਦਾ ਵਧੀਆ ਗੱਲ ਜੇੜੀ ਲੱਗੀ ਹੈ ਕਿ ਤੁਸੀਂ ਬਾਕੀ ਲੇਖਕਾਂ ਵਾਂਗੂੰ ਸਿਰਫ ਇੱਕ ਪਾਸੇ ਵੱਲ ਹੀ ਨਹੀਂ ਬਲਕੀ ਮਹਾਰਾਜੇ ਦੀ ਤਾਕਤ ਦੇ ਨਾਲ ਨਾਲ ਅਯਾਸ਼ੀਆਂ ਬਾਰੇ ਵੀ ਬੇ-ਝਿਝਕ ਲਿਖਿਆ ਹੈ,ਮੋਰਾਂ ਤੇ ਉਸ ਦੇ ਸ਼ਾਤਿਰ ਦਿਮਾਗ ਤੇ ਵੀ ,ਤੇ ਮਹਾਰਾਜੇ ਬਾਰੇ ਹੋਰ ਵੀ ਬਹੁਤ ਕੁਝ ਜੋ ਜ੍ਯਾਦਾ ਤਰ ਲੇਖਕ ਲਕੋ ਜਾਂਦੇ ਨੇ !! ਬਹੁਤ ਹੀ ਵਧੀਆ ਬਲਰਾਜ ਬਾਈ ਜੀ !! ਐਂਡ ਵਾਲੀ ਕਹਾਣੀ ਡੋਨਾ ਤੇ ਪਾਉਲਾ ਦੀ ਬੇਲਿਬਾਸ ਮੁਹੱਬਤ ਵੀ ਬੜੀ ਖੂਬਸੂਰਤ ਕਹਾਣੀ ਲੱਗੀ , ਅੱਜ ਤੱਕ ਰਾਂਝੇ ਮਿਰਜੇ ਹੁਰਾ ਬਾਰੇ ਹੀ ਪੜੀ ਗਏ , ਪਰ ਇਹ ਵਾਲੀ ਲਵ ਸਟੋਰੀ ਪਹਿਲੀ ਵਾਰ ਪੜੀ ਤੇ ਬਹੁਤ ਪਸੰਦ ਆਯੀ ਤੇ ਤੁਹਾਡੇ ਲਿਖਣ ਦਾ ਅੰਦਾਜ਼ ਇਹਨਾ ਵਧੀਆ ਕਿ ਏਹਦਾ ਲੱਗਦਾ ਹੁੰਦਾ ਵੀ ਪੜ੍ਹ ਨਹੀਂ ਰਹੇ ਬਲਕੀ ਦਿਮਾਗ ਦੇ ਅੰਦਰ ਬੜੇ ਪਰਦੇ ਤੇ ਮੂਵੀ ਚਲਦੀ ਹੋਵੇ !! ਲੇਡੀ ਗੋਡੀਵਾ ਦਾ ਨੰਗਾ ਸੱਚ ਹਜੇ ਪੜ੍ਹਨਾ ਹੈ !! ਬਹੁਤ ਵਧਿਯਾ ਬਾਈ - Raj Tawk

-------------------------------------------------------------------------------------------------------------------------------------
"ਮੋਰਾਂ ਦਾ ਮਹਾਰਾਜਾ ਬਾਰੇ"
I received my 'ਮੋਰਾਂ ਦਾ ਮਹਾਰਾਜਾ'
Loving it! — reading ਮੋਰਾਂ ਦਾ ਮਹਾਰਾਜਾJassi Sangha
ਕਿਤਾਬ ਪੜਣ ਤੋਂ ਪਹਿਲਾਂ??? ---- 'ਬਲਰਾਜ ਸਿੱਧੂ' ਜੀ ਦੀ ਕਿਤਾਬ 'ਮੋਰਾਂ ਦਾ ਮਹਾਰਾਜਾ' ਪੜਣ ਤੋਂ ਪਹਿਲਾਂ ਮੈਂ ਇਹਨਾਂ ਦਾ ਨਾਮ ਤਾਂ ਜਾਣਦੀ ਸੀ , ਪਰ ਫੇਸਬੁੱਕ ਵਾਲੇ ਨੋਟਸ ਤੋਂ ਸਿਵਾ ਇਹਨਾਂ ਦਾ ਲਿਖਿਆ ਕੁਝ ਪੜਿਆ ਨਹੀਂ ਸੀ ! ਕਿਸੇ ਦੋਸਤ ਨਾਲ ਇੱਕ ਵਾਰ ਗੱਲ ਹੋਈ ਕਿ ਬਲਰਾਜ ਸਿੱਧੂ ਕੈਸਾ ਲਿਖਦਾ ਹੈ ਤਾਂ ਜਵਾਬ ਸੀ ਕਿ ਬਹੁਤ ਬੋਲਡ ਲਿਖਦਾ ਹੈ। ਜਦੋਂ ਮੋਰਾਂ ਦਾ ਮਹਾਰਾਜਾ ਬਾਰੇ ਅਪਡੇਟਸ ਆਉਂਦੀਆਂ ਸਨ , ਮੈਨੂੰ ਕਾਫ਼ੀ ਉਤਸੁਕਤਾ ਸੀ ਕਿਤਾਬ ਬਾਰੇ , ਇਹਨਾਂ ਦੀ ਲੇਖਣ ਸ਼ੈਲੀ ਤੇ ਕਿਤਾਬ ਦੇ ਵਿਸ਼ੇ ਬਾਰੇ !
ਕਿਤਾਬ ਦਾ ਵਿਸ਼ਾ??? --- ਕਿਤਾਬ ਦੇ ਨਾਮ ਅਤੇ ਕਵਰ ਵਾਲੀ ਤਸਵੀਰ ਤੋਂ ਹੀ ਇਹ ਜ਼ਾਹਿਰ ਹੋ ਜਾਂਦਾ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਬਾਰੇ ਹੈ !
ਸਿੱਖਾਂ ਦੇ ਇਸ ਮਹਾਰਾਜੇ ਦੀ ਪਹਿਚਾਣ ਨੂੰ ਹੀ ਕਿਸੇ ਔਰਤ/ ਰਾਣੀ / ਗੋਲੀ/ ਰਖੇਲ ਦੇ ਨਾਮ ਨਾਲ ਜੋੜ ਦੇਣਾ ਮੈਨੂੰ ਵਧੀਆ ਲੱਗਿਆ ! ਆਪਣੇ ਆਪ ਵਿੱਚ ਹੀ ਵੱਡੀ ਵੰਗਾਰ ਹੈ ਇਹ ! ਸਿੱਖਾਂ ਦੇ ਮਹਾਰਾਜਾ ਤੋਂ ਸਿੱਧਾ ਇਕੱਲੀ ਮੋਰਾਂ ਦਾ ਮਹਾਰਾਜਾ ! ਕਮਾਲ ਹੈ ! ਕਾਫ਼ੀ ਕਾਹਲੀ ਸੀ ਕਿਤਾਬ ਪੜਣ ਦੀ !
ਕਿਤਾਬ ਦੇ ਰੂ -ਬ - ਰੂ ??? --- ਪੜਣੀ ਸ਼ੁਰੂ ਕੀਤੀ ਤਾਂ ਪਹਿਲੀਆਂ ਦੋ ਕਹਾਣੀਆਂ ਪੜਕੇ ਹੀ ਉੱਠੀ ! ਲਿਖਣ ਸ਼ੈਲੀ ਬਹੁਤ ਸੋਹਣੀ ਹੈ ! ਵਾਰਤਕ ਦੇ ਪਾਠਕ ਨੂੰ ਬੰਨ੍ਹ ਕੇ ਬਿਠਾਉਣ ਦੀ ਕਾਬਲੀਅਤ ਹੈ ਇਹਨਾਂ ਵਿੱਚ ! ਬੇਸ਼ਕ ਸ਼ਬਦਾਂ ਦੀਆਂ ਗਲਤੀਆਂ ਖਟਕੀਆਂ !
ਕਿਤਾਬ 'ਚ ਕੀ ਹੈ ?? ---- ਮਹਾਰਾਜਾ ਰਣਜੀਤ ਸਿੰਘ ਨੂੰ ਅਸੀਂ ਸਾਰੇ ਜਾਣਦੇ ਹਾਂ ! ਸਿਲੇਬਸ ਵਿੱਚ ਵੀ ਪੜਿਆ ਹੈ ਚਾਹੇ ਉਹ ਇੱਕ ਬਹਾਦੁਰ ਰਾਜੇ ਦੇ ਤੌਰ 'ਤੇ ਜਾਂ ਫੇਰ 'ਸਿੱਖ ਰਾਜ ਦੇ ਪਤਨ' ਦੇ ਸੰਦਰਭ ਵਿੱਚ। ਪਰ ਤੁਸੀਂ ਸਭ ਨੇ ਵੀ ਨੋਟ ਕੀਤਾ ਹੋਵੇਗਾ ਕਿ ਉਹਨਾਂ ਦੇ ਚਰਿਤਰ ਬਾਰੇ ਇੱਕ ਗੱਲ ਜ਼ਰੂਰ ਹੁੰਦੀ ਸੀ ਕਿ ਆਪ ਜੀ ਸੁਰਾ(ਸ਼ਰਾਬ) ਤੇ ਸੋਹਣੀਆਂ ਔਰਤਾਂ ਦੇ ਕਾਫ਼ੀ ਸ਼ੌਕੀਨ ਸਨ ! ਤੇ ਇਸ ਪੂਰੀ ਗੱਲ ਨੂੰ ਸਿਰਫ਼ ਇੱਕ ਵਾਕ ਵਿੱਚ ਖ਼ਤਮ ਕਰ ਦਿੱਤਾ ਜਾਂਦਾ ਸੀ ਕਿ ਆਪ ਜੀ ਦੀਆਂ ਇੰਨੀਆਂ ਰਾਣੀਆਂ, ਮਹਾਰਾਣੀਆਂ ਤੇ ਏਨੀਆਂ ਗੋਲੀਆਂ ਸਨ ! ਪਰ ਬਲਰਾਜ ਜੀ ਨੇ ਇਸ ਗੱਲ ਨੂੰ ਜਿਥੇ ਵਿਸਥਾਰ ਨਾਲ ਲਿਖਿਆ ਹੈ ਉੱਥੇ ਇਸ ਗੱਲ ਦਾ ਸਿੱਖ ਰਾਜ ਦੀ ਵਿਵਸਥਾ 'ਤੇ ਕਿਵੇਂ ਤੇ ਕੀ ਅਸਰ ਪਿਆ ਉਹ ਵੀ ਸਮਝਾਇਆ ਹੈ ! ਇਹੀ ਇਸ ਕਿਤਾਬ ਦੀ ਖੂਬਸੂਰਤੀ ਹੈ !
ਅੰਤ ਵਿੱਚ ??? --- ਕਿੰਨਾ ਹੀ ਖੋਜ ਕਾਰਜ ਕੀਤਾ ਹੋਵੇਗਾ ਮਹਾਰਾਜੇ ਦੀ ਇੱਕ ਨਵੀਂ ਤਸਵੀਰ ਉਸਾਰਣ ਲਈ। ਕਿੰਨਾਂ ਹੌਂਸਲਾ ਚਾਹੀਦਾ ਹੈ ਕੁਝ ਅਲੱਗ ਕਰਨ ਲਈ ! ਸਲਾਮ ਹੈ ਮਿਹਨਤ ਤੇ ਹੌਂਸਲੇ ਨੂੰ ! ਕਿਤਾਬ ਭੇਜਣ ਲਈ ਸ਼ੁਕਰੀਆ ! ਅਜੇ ਵੀ ਕੁਝ ਸਫ਼ੇ ਪੜਣੇ ਬਾਕੀ ਨੇ , ਵਕਤ ਮਿਲਦੇ ਸਾਰ ਖ਼ਤਮ ਕਰਾਂਗੀ ! ਹੋਰ ਹੋਰ ਲਿਖਦੇ ਰਹੋ ! ਸਾਹਿਤ, ਕਲਾ ਤੇ ਸਭਿਆਚਾਰ ਲਈ ਏਦਾਂ ਹੀ ਯੋਗਦਾਨ ਪਾਉਂਦੇ ਰਹੋ!
ਮੇਰੀ ਇੱਛਾ??? --- ਕਾਸ਼ ਇਸ 'ਤੇ ਫ਼ਿਲਮ ਬਣੇ ਕਦੇ !!
ਅਤੇ ਇਸੇ ਕਿਤਾਬ ਦੇ ਅਗਲੇ ਆਡੀਸ਼ਨ ਵਿੱਚ ਤੇ ਅਗਲੀਆਂ ਕਿਤਾਬਾਂ ਵਿੱਚ ਕੋਈ ਸ਼ਬਦਾਂ ਦੀਆਂ ਗਲਤੀਆਂ ਨਾ ਹੋਣ ! ਜੇ ਚਾਹੋ ਤਾਂ ਪਰੂਫ਼ ਰੀਡਿੰਗ ਕਰ ਦੇਵਾਂਗੀ !
ਦੁਆਵਾਂ ਅਤੇ ਸਤਿਕਾਰ ,
ਜੱਸੀ ਸੰਘਾ
-------------------------------------------------------------------------------------------------------------------------------------

ਬਲਰਾਜ ਭਾਜੀ ਨਾਵਲ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਬਹੁਤ ਦਿਲਚਸਪ ਹੈ। ਕਈ ਸਫੇ ਵਾਰ ਵਾਰ ਪੜ੍ਹਨ ਨੂੰ ਮਨ ਕਰਦਾ ਹੈ। ਤੁਸੀਂ ਬਹੁਤ ਹੀ ਸਰਲ ਭਾਸ਼ਾ ਵਿੱਚ ਬੜ੍ਹੇ ਵਧੀਆ ਢੰਗ ਨਾਲ ਲਿਖਿਆ ਹੈ। ਮੇਰੇ ਵਰਗੇ ਘੱਟ ਪੰਜਾਬੀ ਪੜ੍ਹਨ ਵਾਲੇ ਨੂੰ ਵੀ ਸਾਰਾ ਸਮਝ ਆਉਂਦਾ ਹੈ। ਅਨੇਕਾਂ ਸਵਾਲ ਮਨ ਿਵੱਚ ਉੱਠ ਰਹੇ ਹਨ। ਨਾਵਲ ਪੂਰਾ ਪੜ੍ਹਨ ਬਾਅਦ ਤੁਹਾਨੂੰ ਪੁੱਛਾਂਗਾ। ਤੁਸੀਂ ਕਮਾਲ ਦੀ ਸ਼ਬਦਾਵਲੀ ਵਰਤੀ ਹੈ। ਜਲਦ ਹੀ ਚਮਕੀਲਾ ਜੀ ਦਾ ਗੀਤ ਵੀ ਰਿਕਾਰਡ ਕਰਕੇ ਭੇਜਾਂਗਾ।-Harpreet Harry


--------------------------------------------------------------------------
ਬਲਰਾਜ ਸਿੰਘ ਸਿਧੂ ਦਾ " ਮਸਤਾਨੀ " ਨਾਵਲ ਮਰਾਠਾ ਇਤਿਹਾਸ ਤੇ ਪੇਸ਼ਵਾ ਬਾਜੀ ਰਾਓ ਤੇ ਮਸਤਾਨੀ ਦੀ ਪ੍ਰੇਮ ਕਹਾਣੀ ਦਰਸਾਉਂਦਾ ਹੈ ,ਇਸ ਵਿਚ ਕੋਈ ਸ਼ਕ ਨਹੀ ਕਿ ਮਰਾਠਾ ਇਤਿਹਾਸ ਸਬੰਧੀ ਪੰਜਾਬੀ ਚ ਪਹਿਲਾ ਨਾਵਲ ਹੈ |
ਬੂੰਦੇਲਖੰਡ ਦੇ ਕਿਲੇ ਦੀ ਤਸਵੀਰ ਇਤਿਹਾਸ ਦੀ ਜਾਣਕਾਰੀ ਦਿੰਦੀ ਹੈ | ਇਸ ਇਤਿਹਾਸਕ ਨਾਵਲ ਚ ,ਨਾਵਲਕਾਰ ਨੇ ਸੰਨ ,,ਤਰੀਕਾਂ ,ਥਾਵਾਂ ਤੇ ਇੱਕ ਇੱਕ ਪਾਤਰ ਦੇ ਅਸਲੀ ਨਾਮ ਲਈ ਪੂਰੀ ਖੋਜਬੀਨ ਕਰਨ ਲਈ ਸਿਰਤੋੜ ਮਿਹਨਤ ਕੀਤੀ ਹੈ ਇਤਿਹਾਸਕ ਰਚਨਾ ਕੋਈ ਵੀ ਹੋਵੇ ਸਚਾਈ ਮੰਗਦੀ ਹੈ ,ਜੋ ਕਿ ਬਲਰਾਜ ਸਿੰਘ ਸਿਧੂ ਨੇ ਬਖੂਬੀ ਨਾਲ ਪੇਸ਼ ਕੀਤੀ ਹੈ |
ਨਾਵਲ ਵਿੱਚ ਰੋਮਾਂਸ ਨੂਂ ਬੜੀ ਦਰਿਆ ਦਿਲੀ ਨਾਲ ਲਿਖਿਆ ਹੈ | ਮਸਤਾਨੀ ਦੇ ਪੂਰੇ ਬਦਨ ਦੇ ਇੱਕ ਇੱਕ ਅੰਗ ਦੀ ਖੂਬਸੂਰਤੀ ਲਈ ਵਰਤੇ ਸ਼ਬਦ , ਅਲੰਕਾਰ ਕਿਸੇ ਅਪਸਰਾ ਦੀ ਖੂਬਸੂਰਤੀ ਨਾਲੋਂ ਘੱਟ ਨਹੀ ਵੇਰਤੇ |ਇਤਿਹਾਸਕ ਤੋਰ ਤੇ ਵੀ ਨਾਵਲ ਪੂਰਾ ਆਪਣੀ ਕਸੌਟੀ ਤੇ ਉਤਰਦਾ ਹੈ |ਰੋਮਾਂਸ ਵੀ ਸਿਧੇ ਤੌਰ ਤੇ ਦਰਸਾਇਆ ਹੈ |
"ਮਸਤਾਨੀ" ਪੰਜਾਬੀ ਚ ਲਿਖਣ ਨਾਲ , ਪੰਜਾਬੀ ਮਾਂ ਬੋਲੀ ਇੱਕ ਪੌੜੀ ਹੋਰ ਅੰਗਾਹ ਲੰਘ ਗਈ ਹੈ | ਮਰਾਠਿਆਂ ਦੀ ਹਿਸਟਰੀ ਵਿਸਥਾਰ ਨਾਲ ਪਹਿਲਾਂ ਪੰਜਾਬੀ ਚ ਕਦੇ ਨਹੀ ਲਿਖੀ ਗਈ ,ਇਹ ਵੀ ਬਲਰਾਜ ਸਿੰਘ ਸਿਧੂ ਦਾ ਵੱਡਾ ਮਾਹਰਕਾ ਹੈ | ਜੇ ਮਸਤਾਨੀ ਪੜ੍ਹਨ ਲੱਗ ਪਈ ਏ ਤਾਂ ਛਡਣ ਨੂਂ ਜੀ ਨਹੀ ਕਰਦਾ | ਹੁਣ ਇਸਦਾ ਅਨੁਵਾਦ ਹਿੰਦੀ ਤੇ ਉਰਦੂ ਚ ਹੋ ਰਿਹਾ ਹੈ ਜਲਦੀ ਬਾਹਰ ਆ ਰਹੀ ਹੈ |
ਸ਼ੁਭ ਇਛਾਵਾਂ ਸਹਿਤ
29. 11. 2014- Rajwant Bajwa
-------------------------------------------------------------------------------------

ਮੋਰਾਂ ਦਾ ਮਹਾਰਾਜਾ ਬਲਰਾਜ ਸਿੱਧੂ ਦਾ ਖੋਜ ਭਰਭੂਰ ਇਤਿਹਾਸਕ ਲਿਖਤ ਹੈ ।ਲੇਖਕ ਨੇ ਬੇਬਾਕੀ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਨਿੱਜੀ ਵੇਰਵੇ ਦਾ ਖੁਲਦਿਲੀ ਨਾਲ ਵਰਨਣ ਕੀਤਾ ਹੈ ।ਲੇਖਕ ਨੇ ਲੀਕ ਤੋ ਹਟਕੇ ਨਾਵਲ ਦੀ ਨਵੀਂ ਵਿਧਾ ਦਾ ਅਗਾਜ਼ ਕੀਤਾ ਹੈ । ਬੇਬਾਕੀ ਲਿਖਤ ਲਈ ਬਲਰਾਜ ਸਿੱਧੂ ਵਧਾਈ ਦਾ ਪਾਤਰ ਹੈ।
ਵੱਲੋ:ਜਗਤਾਰ ਸ਼ੇਰ ਗਿੱਲ
----------------------------------------------------------------------------------

ਬਲਰਾਜ ਸਿੰਘ ਸਿੱਧੂ ਦਾ ਨਾਵਲ ਸਰਕਾਰ-ਏ-ਖਾਲਸਾ ਪੜ੍ਹਦਿਆਂ
ਸਤਿਕਾਰਯੋਗ ਬਲਰਾਜ ਸਿੰਘ ਜਿਓ
ਅੱਜ ਸਮੇਂ ਵਿੱਚੋ ਸਮਾਂ ਕੱਢ ਕੇ ਦੋ ਮਹੀਨੇ ਲਗਾ ਕੇ ਆਪ ਜੀ ਦੁਵਾਰਾ ਲਿਖਿਆ ਨਾਵਲ ਸਰਕਾਰ-ਏ-ਖ਼ਾਲਸਾ ਨਾਵਲ ਪੂਰਾ ਕੀਤਾ। ਬੁਹਤ ਵਧੀਆਂ ਰਚਨਾ ਲੱਗੀ।
ਸਿੱਖਾਂ ਦੀ ਬਹਾਦਰੀ ਦੇ ਨਾਲ ਨਾਲ ਆਪ ਜੀ ਨੇ ਸਿੱਖੀ ਭੇਖ ਵਿੱਚ ਛੁਪੇ ਹੋਏ ਗਾਰਦਾਰਾਂ ਦੇ ਉਹ ਚਿਹਰੇ ਵੀ ਬੇਨਕਾਬ ਕੀਤੇ ਜਿੰਨੇ ਨੇ ਸਿੱਖੀ ਰਾਜ ਦਾ ਅੰਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ।
ਇਸ ਨਾਵਲ ਨੂੰ ਪੜ੍ਹ ਕੇ ਮਨ ਕਈ ਸਵਾਲ ਖੜੇ ਹੋ ਗਏ।...
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੁਰਬਾਨੀ ਭਾਰਤ ਦੀ ਹੀ ਨਹੀਂ ਪੂਰੇ ਸੰਸਾਰ ਦੀ ਦੀ ਇੱਕ ਮਹਾਨ ਘਟਨਾ ਹੈ।
ਪਰ ਕਿਸੇ ਨੇ ਵੀ ਉਸ ਯੋਧੇ ਨਾਲ ਇਨਸਾਫ ਨਹੀਂ ਕੀਤਾ। ਜੇ ਮੁਸਲਮਾਨਾਂ ਨੇ ਉਸ ਨੂੰ ਜ਼ਾਲਮ ਕਿਹਾ ਤਾਂ ਜਾਤੀਵਾਦੀ ਸਿੱਖਾਂ ਅਤੇ ਸਿੱਖ ਇਤਿਹਾਸਕਾਰਾਂ ਨੇ ਵੀ ਉਸ ਨਾਲ ਘੱਟ ਨਹੀਂ ਕੀਤੀ। ਕਿਸੇ ਨੇ ਉਸ ਦੇ ਵਿਆਹ ਅਤੇ ਨਿੱਜੀ ਜ਼ਿੰਦਗੀ ਤੇ ਸਵਾਲ ਚੁੱਕੇ, ਕਿਸੇ ਨੇ ਕਿਹਾ ਕੇ ਉਹ ਗੁਰੂ ਤੋਂ ਬੇਮੁੱਖ ਹੋ ਕੇ ਆਪ ਗੁਰੂ ਬਣ ਗਿਆ ਬਗੈਰਾ ਬਗੈਰਾ।
ਨਿਦੇੜ ਦਾ ਆਸ਼ਰਮ ਛੱਡ ਕੇ ਉਹ ਨਾ ਹਿੰਦੂ ਰਿਹਾ ਅਤੇ ਨਾ ਹੀ ਬਾਬਾ ਵਿਨੋਦ ਸਿੰਘ ਵਰਗੇ ਸਿੱਖਾਂ ਦੀ ਚਾਪਲੂਸੀ ਕਰਕੇ ਸਿੱਖ ਬਣ ਸਕਿਆ।
ਹਿੰਦੂ, ਮੁਸਲਮਾਨ ਅਤੇ ਸਿੱਖਾਂ ਵੱਲੋਂ ਇਸ ਯੋਧੇ ਦੀ ਦੁਰਗਤੀ ਕਿਉਂ ਕੀਤੀ ਗਈ?
ਇਸ ਯੋਧੇ ਨੂੰ ਇਤਿਹਾਸ ਵਿੱਚ ਇਸ ਦਾ ਬਣਦਾ ਹਕ਼ ਕਿਉਂ ਨਹੀਂ ਦਿੱਤਾ ਗਿਆ? ਇਹ ਇੱਕ ਸਵਾਲ ਸਦਾ ਦਿਲ ਵਿੱਚ ਚੁਭਦਾ ਰਹੇਗਾ।...
ਮੇਰੇ ਵੱਲੋਂ ਇਸ ਯੋਧੇ ਨੂੰ ਦਿਲੋਂ ਨਮਨ।
ਸਿੱਖ ਇਤਿਹਾਸ ਦੇ ਨਾਲ ਨਾਲ ਇਸ ਨਾਵਲ ਵਿਚ ਮੁਗਲ਼ ਕਾਲ, ਮਰਾਠਾ ਕਾਲ ਅਤੇ ਮਿਥਹਾਸ ਦੀ ਵੀ ਚੰਗੀ ਜਾਨਕਰੀ ਮਿਲੀ।
ਇੱਕ ਵਾਰ ਆਪ ਦਾ ਫਿਰ ਦਿਲੋਂ ਧੰਨਵਾਦ ਜਿੰਨਾ ਨੇ ਇਸ ਯੋਧੇ ਬਾਰੇ ਲਿਖ ਕੇ ਅਤੇ ਸਿੱਖੀ ਭੇਖ ਵਿੱਚ ਛੁਪੇ ਗਾਰਦਾਰਾਂ ਦਾ ਚਿਹਰਾ ਬੇਨਕਾਬ ਕਰਨ ਦਾ ਲਿਖ ਕੇ ਦਲੇਰੀ ਭਰਿਆਂ ਕੰਮ ਕੀਤਾ।
ਅਤੇ ਕੌਮ ਦੇ ਗਾਰਦਾਰਾਂ ਨੂੰ ਜਨਤਾ ਦੀ ਕਚਹਿਰੀ ਵਿੱਚ ਖੜਾ ਕੀਤਾ। ਜੇ ਸਿੱਖੀ ਵਿੱਚ ਗਰਦਾਰ ਨਾ ਹੁੰਦੇ ਨੇ ਹੀ ਬਾਬਾ ਬੰਦਾ ਸਿੰਘ ਇਤਿਹਾਸ ਨੂੰ ਪਲਟਾ ਦੇ ਦਿੰਦਾ ਅਤੇ ਅੱਜ ਭਾਰਤ ਦਾ ਇਤਿਹਾਸ ਕੁੱਛ ਹੋਰ ਹੁੰਦਾ।
ਉਮੀਦ ਹੈ ਅੱਗੇ ਤੋਂ ਵੀ ਆਪ ਇਹੋ ਜਿਹੇ ਸੂਰਬੀਰਾਂ ਬਾਰੇ ਲਿਖਦੇ ਰਹੋਗੇ। ਜਿਨ੍ਹਾਂ ਨਾਲ ਇਤਿਹਾਸ ਨੇ ਇਨਸਾਫ਼ ਨਹੀਂ ਕੀਤਾ।
ਗੁਰਪ੍ਰੀਤ ਸਿੰਘਲਸੋਈ 
--------------------------------------------------------------------------------------------
Artist Major Gill Jhorran, ""SHAHID" Noval... Ddkh k Bahut Khushi hoi ji..... Aap da Bahut - Bahut. Wah! Ji Wah! Kamaal kar ditti Tusi tan Sir.... Aap ji da kotan_kot Dhanvaad Ji...."

----------------------------------------------------------------

ਬਲਰਾਜ ਸਿਧੂ ਦਾ ਇਹ ਨਾਵਲ ਵੀ ਪਹਿਲੇ ਨਾਵਲਾਂ ਮੋਰਾਂ ਦਾ ਮਹਾਰਾਜਾ , ਮਸਤਾਨੀ ਤੇ ਅੱਗ ਦੀ ਲਾਟ ਵਾਂਗ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੈ .. ਨਾਵਲ ਦੇ ਸਿਰਲੇਖ ਤੇ ਕੁਝ ਦੋਸਤਾਂ ਨੇ ਇਤਰਾਜ ਜਤਾਇਆ ਹੈ .. ਪਰ ਬਲਰਾਜ ਸਿਧੂ ਨੇ ਆਪਣੇ ਆਪ ਹੀ ਇਸ ਗੱਲ ਨੂੰ ਪਹਿਲਾਂ ਹੀ ਭਾਂਪਦਿਆਂ ਸਪਸ਼ਟ ਕਰ ਦਿੱਤਾ ਹੈ ਕਿ ਹਰ ਖੇਤਰ ਦੇ ਆਪੋ ਆਪਣੇ ਸ਼ਹੀਦ ਹਨ ਤੇ ਚਮਕੀਲਾ ਗਾਇਕੀ ਦੇ ਖੇਤਰ ਦਾ ... ਨਾਵਲ ਵਿਚ ਉਸ ਬਾਰੇ ਵਧੀਆ ਜਾਣਕਾਰੀ ਹੈ ..!!!!!!
DHARMINDER SINGH Bhangu

----------------------------------------------------------------------------------
ਆਬ-ਏ-ਹਯਾਤ
ਸਾਲ 1988 ਫਰਵਰੀ ਦਾ ਅੰਤ, ਮੈਂ ਚਮਕੀਲਾ ਫਿਰੋਜ਼ਪੁਰ ਜਿਲੇ ਵਿੱਚ ਸੁਣਿਆ ਸੀ ਪਹਿਲੀ ਵਾਰ ਤੇ ਦੂਸਰੀ ਤੇ ਆਖਰੀ ਵਾਰ ਆਪਣੇ ਹੀ ਜਿਲੇ ਦੇ ਪਿੰਡ ਡਿੱਖ (ਬਠਿੰਡਾ)
ਮੇਰੀ ਡਿਊਟੀ(ਵੈਟਰਨਰੀ ਇੰਸਪੈਕਟਰ) ਢੱਡੇ ਪਿੰਡ ਸੀ, ਸੁਣਿਆ ਕੇ ਡਿੱਖੀ ਚਮਕੀਲੇ ਨੇ ਆਉਣਾ,ਆਪਾ ਖਿੱਚ ਲਈ ਤਿਆਰੀ, ਸਾਡੇ ਨਾਲ ਇੱਕ ਲਾਲਿਆਂ ਦਾ ਮੁੰਡਾ ਵੀ ਸੀ ਪਤੰਦਰ ਕਹਿੰਦਾ ਇੱਕ ਈ ਗੀਤ ਸੁਣਨਾ(ਜਦ ਪਹਿਲੀ ਲਾਮ ਪੜੀ) ਤੇ ਸੱਚੀ ਉਹ ਉਹੀ ਗੀਤ ਸੁਣਕੇ ਉਹ ਵਾਪਿਸ ਚਲਾ ਗਿਆ,
ਚਮਕੀਲੇ ਨੂੰ ਮਾਰਨ ਵਾਲੇ ਉਸ ਪਿੰਡ ਚ ਉਸਦੇ ਪਿੱਛੇ ਆਏ ਸੀ ਪਰ ਉਹਨਾਂ ਦਾ ਦਾਅ ਨਹੀ ਲੱਗਾ, ਬੱਸ ਓਸ ਅਖਾੜੇ ਤੋ ਕੁਝ ਦਿਨ ਬਾਅਦ 8 ਮਾਰਚ 1988 ਨੂੰ ਬਾਣਾ ਵਾਪਰ ਗਿਆ.......
ਕੱਲ 29 ਦਸੰਬਰ 2015 ਨੂੰ ਜਦੋ ਮੈਂ ਡਿਊਟੀ ਤੋ ਵਾਪਸ ਅਇਆ ਤਾਂ ਬਾਈ ਜਸਵੀਰ ਬਖਤੂ ਮੇਰੇ ਘਰ ਸ਼ਹੀਦ ਨਾਵਲ ਲਈ ਬੈਠਾ ਸੀ ਬੱਸ ਫੇਰ ਕੀ ਸੀ ਮੈਨੂੰ ਤਾਂ ਜਿਵੇ ਆਬ-ਏ-ਹਯਾਤ ਮਿਲ ਗਿਆ ਪਊਆ ਕੁ ਪਹਿਲਾਂ ਲੱਗਿਆ ਸੀ ਤੇ ਫੜ ਲਿਆ ਮੇਰੇ ਛੋਟੇ ਵੀਰ ਜਸਵੀਰ ਬਖਤੂ ਤੋਂ ਨਾਵਲ ਤੇ ਕੱਪੜੇ ਚੇਂਜ ਕਰਨੇ ਵੀ ਭੁੱਲ ਗਿਆ....ਜਿਉਦਾ ਰਹਿ ਨਾਵਲ ਦੇਣ ਵਾਲਿਆ ਜਸਵੀਰ ਬਖਤੂ ਤੇ ਜੁਗ ਜੁਗ ਜੀ ਨਾਵਲ ਲਿਖਣ ਵਾਲਿਆ ਬਲਰਾਜ ਸਿੰਘ ਸਿੱਧੂ
ਵੱਲੋਂ ....
ਡਾ. ਹਾਕਮ ਸਿੰਘ
ਪਿੰਡ ਤੇ ਡਾਕ. ਚੱਕ ਬਖਤੂ
ਤਹਿ. ਤੇ ਜਿਲਾ ਬਠਿੰਡਾ
ਮੋਬਾਇਲ ...+91-94631-72412
(ਲਿਖਤਮ ਜਸਵੀਰ ਬਖਤੂ 98766-90208)
ਡਾ. ਹਾਕਮ ਸਿੰਘ ਫੋਟੋ ਨੱਥੀ ਹੈ
-------------------------------------------------------------------------------------------------
ਪੁਸਤਕ ''ਮੋਰਾਂ ਦਾ ਮਹਾਰਾਜਾ'' ਪੰਜਾਬੀ ਅਕਾਦਮੀ ਦਿੱਲੀ ਵੱਲੋਂ ਲੋਕ ਅਰਪਣ 17 AUG 2014
ਦਿੱਲੀ: ਪੰਜਾਬੀ ਅਕਾਦਮੀ ਦਿੱਲੀ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਕਰਵਾਏ ਜਾਂਦੇ ਸਾਹਿਤਕ ਮਿਲਣੀ ਸਮਾਗਮ ਦੌਰਾਨ ਯੁਵਾ ਬਾਣੀ ਪ੍ਰੋਗਰਾਮ ਆਯੋਜਤ ਕੀਤਾ ਗਿਆ। ਜਿਸ ਦੀਪ੍ਰਧਾਨਗੀ ਡਾ. ਰਵੀ ਰਵਿੰਦਰ ਪੰਜਾਬੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰਦਿੱਲੀ ਯੂਨੀਵਰਸਿਟੀ ਵੱਲੋਂ ਕੀਤੀ ਗਈ । ਇਸ ਸਮਾਗਮ ਦੌਰਾਨ ਨੌਜਵਾਨ ਨਾਵਲਕਾਰ ਯੁਵਾ ਅਵਾਰਡ ਜੇਤੂ ਪਰਗਟ ਸਿੰਘ ਸਤੌਜ ਵੱਲੋਂ ਆਪਣੀ ਕਹਾਣੀ ''ਯੁੱਧ ਦਾ ਅੰਤ'' ਦਾ ਪਾਠ ਕੀਤਾ ਗਿਆ, ਯੁਵਾ ਗ਼ਜ਼ਲਕਾਰ ਜਗਦੀਪ ਨੇ ਗ਼ਜ਼ਲਾਂ ਅਤੇ ਤਰਿੰਦਰ ਕੌਰ ਵੱਲੋਂ ਆਪਣੀਆਂ ਖੂਬਸੂਰਤ ਕਵਿਤਾਵਾਂ ਸੁਣਾ ਕੇ ਸਭਨਾਂ ਦਾ ਮਨ ਮੋਹਿਆ। ਇਨ੍ਹਾਂ ਨੌਜਵਾਨ ਲੇਖਕਾਂ ਨੂੰ ਸੁਨਣ ਤੋਂ ਬਾਅਦ ਵਿਚਾਰ ਚਰਚਾ ਕੀਤੀ ਗਈ, ਭਾਰਤੀ ਸਾਹਿਤ ਅਕਾਦਮੀ ਪੰਜਾਬੀ ਭਾਸ਼ਾ ਕਨਵੀਨਰ ਡਾ. ਰਾਵੇਲ ਸਿੰਘ ਵੱਲੋਂ ਇਨ੍ਹਾਂ ਲੇਖਕਾਂ ਦੀ ਸ਼ਲਾਘਾ ਕੀਤੀ ਗਈ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸਾਨੂੰ ਇਨ੍ਹਾਂ ਤੋਂ ਪੂਰੀਆਂ ਆਸਾਂ ਹਨ। ਡਾ. ਵਨੀਤਾ ਦਿੱਲੀ ਨੇ ਆਪਣੇ ਵਿਚਾਰ ਰੱਖੇ, ਡਾ. ਕੁਲਵੀਰ ਸਿੰਘ ਵੱਲੋਂ ਸਾਰੇ ਲੇਖਕਾਂ ਨੂੰ ਉਨ੍ਹਾਂ ਦੀ ਵਧੀਆ ਲਿਖਤਾਂ ਪ੍ਰਤੀ ਵਧਾਈ ਦਿੱਤੀ । ਸਮਾਗਮ ਦੇ ਅੰਤਲੇ ਪੜਾਅ ਵਿੱਚ ਨੌਜਵਾਨ ਲੇਖਕ ਬਲਰਾਜ ਸਿੰਘ ਸਿੱਧੂ ਇੰਗਲੈਂਡ ਦੀ ਨਵੀਂ ਪੁਸਤਕ ''ਮੋਰਾਂ ਦਾ ਮਹਾਰਾਜਾ'' ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੌਰਾਨ ਸ੍ਰੀ ਜਵਾਹਰਧਵਨ, ਨਛੱਤਰ ਸਿੰਘ, ਦੀਪ ਜਗਦੀਪ, ਕਰਨ ਭੀਖੀ, ਪੰਜਾਬੀ ਅਕਾਦਮੀ ਦਿੱਲੀ,ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਦੇ ਸਾਰੇ ਆਹੁਦੇਦਾਰ ਮੌਜੂਦ ਸਨ।
-------------------------------------------------------------------------------------------------------------------------------------


ਗਾਇਕ ਬਲਰਾਜ (FEEL Song ਵਾਲਾ) ਕਰਨ ਭੀਖੀ ਤੋਂ ਮੋਰਾਂ ਦਾ ਮਹਾਰਾਜਾ ਪ੍ਰਾਪਤ ਕਰਦਾ ਹੋਇਆ।




































----------------------------------------------------------------------------------------------------------------------------

Patiala Universty Students Gopi Alampuria and friends

This book is a hook. Loveen Gill, Canada

























ਇਤਿਹਾਸਕ ਕਿਰਦਾਰਾਂ ਨਾਲ ਸੰਵਾਦ ਰਚਾਉਣ ਵਾਲਾ ਬਲਰਾਜ ਸਿੰਘ ਸਿੱਧੂ

ਡਾ.ਚਰਨਜੀਤ ਸਿੰਘ ਗੁਮਟਾਲਾ ਜਗਰਾਉਂ ਜ਼ਿਲ੍ਹਾ ਲੁਧਿਆਣਾ ਦਾ ਜੰਮਪਲ ਤੇ ਹੁਣ ਇੰਗਲੈਂਡ ਦਾ ਪੱਕਾ ਵਸਨੀਕ ਬਲਰਾਜ ਸਿੰਘ ਸਿੱਧੂ ਇੱਕ ਜਾਣਿਆ-ਪਛਾਣਿਆ ਨਾਂ ਹੈ। ਉਹ ਸੰਨ 1988 ਵਿੱਚ 12 ਸਾਲ ਦੀ ਉਮਰੇ ਆਪਣੇ ਮਾਪਿਆਂ ਨਾਲ ਇੰਗਲੈਂਡ ਗਿਆ ਅਤੇ ਉੱਥੇ ਹੀ ਉਸ ਨੇ ਉਚੇਰੀ ਪੜ੍ਹਾਈ ਕੀਤੀ। ਹੁਣ ਤਕ ਉਸ ਦੇ 50 ਗੀਤ ਵੱਖ-ਵੱਖ ਐਲਬਮਾਂ ਵਿੱਚ ਰਿਕਾਰਡ ਹੋਏ ਹਨ। ਉਸ ਦੇ ਲਿਖੇ ਗੀਤ ਅੰਗਰੇਜ਼ ਅਲੀ, ਸੁਦੇਸ਼ ਕੁਮਾਰੀ, ਨਿਰਮਲ ਸਿੱਧੂ, ਮੰਗੀ ਮਾਹਲ, ਹਰਦੇਵ ਮਾਹੀਨੰਗਲ, ਮਾਸ਼ਾ ਅਲੀ, ਰਾਸ਼ੀ ਰਾਗਾ, ਮਨਜੀਤ ਰੂਪੋਵਾਲੀਆ ਆਦਿ ਨੇ ਗਾਏ ਹਨ। ਉਸ ਦੇ ਕਈ ਗੀਤ ਬੜੇ ਮਕਬੂਲ ਹੋਏ। ਗੀਤਕਾਰ ਦੇ ਨਾਲ-ਨਾਲ ਉਹ ਪੱਤਰਕਾਰ, ਕਹਾਣੀਕਾਰ ਤੇ ਨਾਵਲਕਾਰ ਵੀ ਹੈ। ਉਸ ਦਾ ਕਹਾਣੀ ਸੰਗ੍ਰਹਿ ‘ਅਣਲੱਗ’ 1999 ਵਿੱਚ ਛਪਿਆ। ਇਸ ਵਿੱਚ ਉਸ ਨੇ ਨਸਲਵਾਦ, ਭੂ-ਹੇਰਵਾ, ਰਿਸ਼ਤਿਆਂ ਵਿੱਚ ਖ਼ੁਦਗਰਜ਼ੀ, ਖਾੜਕੂਵਾਦ ਆਦਿ ਵਿਸ਼ੇ ਛੋਹੇ। ਸਾਲ 2002 ਵਿੱਚ ਪ੍ਰਕਾਸ਼ਿਤ ਹੋਇਆ ਉਸ ਦਾ ਕਹਾਣੀ ਸੰਗ੍ਰਹਿ ‘ਨੰਗੀਆਂ ਅੱਖੀਆਂ’ ਔਰਤ-ਮਰਦ ਸਬੰਧਾਂ ਦੀ ਬਾਤ ਪਾਉਂਦਾ ਹੈ। ਇਸ ਸਾਲ ਉਸ ਦਾ ਇਤਿਹਾਸਕ ਕਹਾਣੀ ਸੰਗ੍ਰਹਿ ‘ਮੋਰਾਂ ਦਾ ਮਹਾਰਾਜਾ’ ਪ੍ਰਕਾਸ਼ਿਤ ਹੋਇਆ। ਉਸ ਵੱਲੋਂ ਲਿਖੀਆਂ 62 ਲੰਮੀਆਂ ਕਹਾਣੀਆਂ ਵਿੱਚੋਂ 48 ਮਰਦ-ਔਰਤ ਸਬੰਧਾਂ ’ਤੇ ਆਧਾਰਿਤ ਹਨ। ਬਲਰਾਜ ਸਿੰਘ ਸਿੱਧੂ ਦਾ ਪਹਿਲਾ ਨਾਵਲ ‘ਤਪ’ 2001 ਵਿੱਚ ਪ੍ਰਕਾਸ਼ਿਤ ਹੋਇਆ ਜੋ ਇੰਗਲੈਂਡ ਦੀ ਪੁਲੀਸ ਫੋਰਸ ਉਪਰ ਆਧਾਰਿਤ ਸੀ। ਇਸ ਦਾ ਨਾਇਕ ਭਾਰਤੀ ਅਫ਼ਸਰ ਆਪਣੀ ਸਹਿਕਰਮੀ ਅੰਗਰੇਜ਼ ਮਹਿਬੂਬਾ ਦੇ ਇਸ਼ਕ ਵਿੱਚ ਤਬਾਹ ਹੋ ਜਾਂਦਾ ਹੈ ਪਰ ਉਹ ਮੁੜ ਆਪਣੇ ਪੈਰਾਂ ਸਿਰ ਹੁੰਦਾ ਹੈ। ਨਾਵਲ ‘ਵਸਤਰ’ 2002 ਵਿੱਚ ਛਪਿਆ। ਇਸ ਨਾਵਲ ਵਿੱਚ ਬਾਗ਼ੀ ਹੋ ਕੇ ਘਰੋਂ ਭੱਜੀ ਇੱਕ ਮੁਸਲਿਮ ਮੁਟਿਆਰ ਦੀ ਜਦੋ-ਜਹਿਦ ਨੂੰ ਪੇਸ਼ ਕੀਤਾ ਗਿਆ ਹੈ। ‘ਮਸਤਾਨੀ’ ਨਾਵਲ ਇਸ ਸਾਲ ਪ੍ਰਕਾਸ਼ਿਤ ਹੋਇਆ ਹੈ। ਇਸ ਦਾ ਕਾਲ 1730 ਤੋਂ 1740 ਈਸਵੀ ਹੈ। ਇਸ ਵਿੱਚ ਪੇਸ਼ਵਾ ਬਾਜੀ ਰਾਓ ਤੇ ਨਾਚੀ ਮਸਤਾਨੀ ਦੇ ਇਸ਼ਕ ਨੂੰ ਆਧਾਰ ਬਣਾਇਆ ਗਿਆ ਹੈ। ਸ਼ਹਿਜ਼ਾਦੀ ਡਾਇਨਾ ਦੇ ਜੀਵਨ ’ਤੇ ਆਧਾਰਿਤ ਉਸ ਦਾ ਨਾਵਲ ‘ਅੱਗ ਦੀ ਲਾਟ’ ਸਿਰਲੇਖ ਹੇਠ ਜਲਦੀ ਹੀ ਆ ਰਿਹਾ ਹੈ। ਉਸ ਨੇ 2003 ਵਿੱਚ ਕਬੱਡੀ ਬਾਰੇ ਲਿਖੀ ਕਿਤਾਬ ਦਾ ਅੰਗਰੇਜ਼ੀ ਵਿੱਚ ‘ਕਬੱਡੀ: ਏ ਨੇਟਿਵ ਗੇਮ ਆਫ਼ ਪੰਜਾਬ’ ਸਿਰਲੇਖ ਹੇਠ ਅਨੁਵਾਦ ਕੀਤਾ। ਬਲਰਾਜ ਸਿੱਧੂ ਨੇ ਇੰਗਲੈਂਡ ਵਿੱਚ ਉਚੇਰੀ ਪੜ੍ਹਾਈ ਕਰ ਕੇ ਗਹਿਣਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਪਰ ਉਸ ਨੂੰ ਇਸ ਵਿੱਚ ਸਫ਼ਲਤਾ ਨਾ ਮਿਲੀ। ਉਸ ਨੇ ਫਿਰ ਕਾਰਖਾਨਿਆਂ ਵਿੱਚ ਕੰਮ ਕੀਤਾ ਤੇ ਬਾਅਦ ਵਿੱਚ ਉਸ ਨੇ ਦਵਾਈਆਂ ਦੀ ਇੱਕ ਕੰਪਨੀ ਵਿੱਚ ਨੌਕਰੀ ਕਰ ਲਈ। ਇਸ ਨੂੰ ਵੀ ਛੱਡ ਕੇ 2002 ਵਿੱਚ ਉਸ ਨੇ ਪੱਤਰਕਾਰੀ ਵਿੱਚ ਪੈਰ ਧਰਿਆ। ਉਸ ਨੇ ਬਰਮਿੰਘਮ ਵਿੱਚ ‘ਸਿੱਖ ਟਾਈਮਜ਼ ਵੀਕਲੀ’ ਦੇ ਪੰਜਾਬੀ ਸੈਕਸ਼ਨ ਵਿੱਚ ਸਹਾਇਕ ਸੰਪਾਦਕ ਦੀ ਜ਼ਿੰਮੇਵਾਰੀ ਸੰਭਾਲੀ। ਸਾਲ 2003 ਵਿੱਚ ਉਹ ‘ਅਜੀਤ ਵੀਕਲੀ’ ਦੇ ਯੂ ਕੇ ਤੇ ਯੂਰਪੀਨ ਐਡੀਸ਼ਨ ਦਾ ਸੰਪਾਦਕ ਬਣਿਆ। ਸਾਲ 2004 ਵਿੱਚ ਉਹ ਟੈਲਫੋਰਡ ਤੋਂ ਪ੍ਰਕਾਸ਼ਿਤ ਹੁੰਦੇ ‘ਪੰਜਾਬ ਦੀ ਆਵਾਜ਼’ ਹਫ਼ਤਾਵਾਰੀ ਦਾ ਸੰਪਾਦਕ ਨਿਯੁਕਤ ਹੋਇਆ। ਉਸ ਨੇ ਕੁਝ ਸਮਾਂ ‘ਪੰਜਾਬ ਟਾਈਮਜ਼’ (ਡਰਬੀ) ਵਿੱਚ ਵੀ ਕੰਮ ਕੀਤਾ। ਸਾਲ 2005 ਤੋਂ ਉਹ ਫਰੀਲਾਂਸ ਪੱਤਰਕਾਰ ਦੇ ਤੌਰ ’ਤੇ ਕੰਮ ਕਰ ਰਿਹਾ ਹੈ। ਉਸ ਦੇ ਲੇਖ ਇੰਗਲੈਂਡ, ਭਾਰਤ, ਪਾਕਿਸਤਾਨ, ਕੈਨੇਡਾ, ਅਮਰੀਕਾ ਆਦਿ ਦੇ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪ ਚੁੱਕੇ ਹਨ। ਉਸ ਦੀ ਨਿਵੇਕਲੀ ਸ਼ੈਲੀ ਤੇ ਵਿਸ਼ਾ ਵਸਤੂ ਨੇ ਉਸ ਦੀ ਵੱਖਰੀ ਪਛਾਣ ਬਣਾਈ ਹੈ। ਉਸ ਨੇ ਉਹ ਵਿਸ਼ੇ ਛੋਹੇ ਜਿਨ੍ਹਾਂ ਬਾਰੇ ਲਿਖਣ ਦਾ ਕੋਈ ਹੌਸਲਾ ਨਹੀਂ ਕਰਦਾ। ਉਸ ਨੇ ਔਰਤ ਦੇ ਦਿਲ ਦੇ ਦਰਦ ਨੂੰ ਪਛਾਣ ਕੇ ਉਸ ਨੂੰ ਜ਼ੁਬਾਨ ਦਿੱਤੀ ਹੈ। ਪੁਸਤਕ ‘ਮੋਰਾਂ ਦਾ ਮਹਾਰਾਜਾ’ ਦੀਆਂ ਪਹਿਲੀਆਂ ਤਿੰਨ ਕਹਾਣੀਆਂ ਵਿੱਚ ਉਸ ਨੇ ਰਵਾਇਤੀ ਲੇਖਕਾਂ ਵਾਂਗ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸਕ ਪਿਛੋਕੜ ਅਤੇ ਉਸ ਦੀਆਂ ਪ੍ਰਾਪਤੀਆਂ ਦਾ ਵਰਣਨ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਮਹਾਰਾਜੇ ਦੇ ਕਿਰਦਾਰ ਦੇ ਉਸ ਪੱਖ ’ਤੇ ਵੀ ਰੋਸ਼ਨੀ ਪਾਈ ਹੈ ਜਿਸ ਬਾਰੇ ਕਿਸੇ ਨੇ ਵੀ ਅਜੇ ਤੀਕ ਨਹੀਂ ਲਿਖਿਆ। ਨਾਚੀ ਮੋਰਾਂ ਦੇ ਕਿਰਦਾਰ ਨੂੰ ਪਹਿਲੀ ਵਾਰ ਸਿੱਧੂ ਨੇ ਪੇਸ਼ ਕਰਨ ਦਾ ਹੌਸਲਾ ਕੀਤਾ ਹੈ ਜਿਸ ਦੇ ਆਖੇ ਲੱਗ ਕੇ ਮਹਾਰਾਜੇ ਨੇ ਅਜਿਹੇ ਫ਼ੈਸਲੇ ਕੀਤੇ ਜੋ ਉਸ ਲਈ ਤਬਾਹੀ ਦਾ ਕਾਰਨ ਬਣੇ। ਇਸੇ ਤਰ੍ਹਾਂ ਨਾਵਲ ‘ਮਸਤਾਨੀ’ ਵਿੱਚ ਨਾਚੀ ਮਸਤਾਨੀ ਦੇ ਇਸ਼ਕ ਨੂੰ ਉਸ ਨੇ ਹੀ ਪਹਿਲੀ ਵਾਰ ਪੇਸ਼ ਕੀਤਾ ਹੈ। -ਡਾ.ਚਰਨਜੀਤ ਸਿੰਘ ਗੁਮਟਾਲਾ


 

ਅੱਗ ਦੀ ਲਾਟ ਦੀਆਂ ਮਨੋਵਿਗਿਆਨਕ ਪਰਤਾਂ

ਬਲਰਾਜ ਸਿੱਧੂ ਪੰਜਾਬੀ ਸਾਹਿਤ ਦੇ ਖ਼ੇਤਰ ਵਿਚ ਇਕ ਅਜ਼ੀਮ ਚਮਤਕਾਰ ਹੈ, ਜਿਸ ਨੇ ਪ੍ਰਵਾਸ ਦਾ ਸੰਤਾਪ ਹੰਢਾਉਂਦਿਆਂ ਆਪਣੀ ਕਲਮ ਨੂੰ ਜਰਖੇਜ਼ ਹੀ ਨਹੀਂ ਰੱਖਿਆ ਸਗੋਂ ਇਤਿਹਾਸ ਨੂੰ ਗਲਪੀ ਬਿੰਬ ਵਿਚ ਢਾਲਣ ਦੇ ਬਿਖੜੇ ਪੈਂਡੇ ਤੇ ਚੱਲ ਕੇ ਆਪਣੀ ਰਚਨਾਤਮਕ ਪ੍ਰਤਿਭਾ, ਇਤਿਹਾਸਕ ਸੂਝ ਅਤੇ ਅਧਿਐਨ-ਅਨੁਭਵ ਵਿਚੋਂ ਕਸ਼ੀਦੇ ਗਿਆਨ ਦਾ ਲੋਹਾ ਮਨਵਾਇਆ ਹੈ। ਭਾਵੇਂ ਕਿ ਪੰਜਾਬੀ ਵਿਚ ਇਤਾਹਸ ਦੀ ਸਾਹਿਤਕ ਪੁਨਰ-ਸਿਰਜਨਾ ਦੇ ਖ਼ੇਤਰ ਵਿਚ ਗਿਆਨੀ ਭਜਨ ਸਿੰਘ, ਸੋਹਣ ਸਿੰਘ ਸੀਤਲ, ਇੰਦਰ ਸਿੰਘ ਖਾਮੋਸ਼, ਬਲਦੇਵ ਸਿੰਘ ਸੜਕਨਾਮਾ ਅਤੇ ਜਸਵੰਤ ਸਿੰਘ ਕੰਵਲ ਨੇ ਆਪਣਾ-ਆਪਣਾ ਹਿੱਸਾ ਪਾਇਆ ਹੈ, ਪਰ ਇਸ ਖੁਸ਼ਕ ਵਿਸ਼ੇ ਨੂੰ ਅਤਿ-ਸਧਾਰਣ ਪਾਠਕ ਨੂੰ ਪ੍ਰੇਰਤ ਕਰਕੇ ਸਿੱਧੂ ਸ਼ਲਾਘਾ ਦਾ ਪਾਤਰ ਬਣਦਾ ਹੈ। ਉਹ ਇਤਿਹਾਸ ਦੇ ਉਸ ਬਿੰਦੂ ਨੂੰ ਫੜਦਾ ਹੈ, ਜਿਥੇ ਸਭ ਤੋਂ ਵੱਧ ਵਿਵਾਦ ਹੁੰਦਾ ਹੈ, ਸਭ ਤੋਂ ਵੱਧ ਮੇਹਨਤ ਦੀ ਲੋੜ ਹੁੰਦੀ ਹੈ, ਅਤੇ ਸਭ ਤੋਂ ਵੱਧ ਲੁਪਤ ਜਾਂ ਲੁਕਿਆ ਹੁੰਦਾ ਹੈ। ਇਹ ਸਿੱਧੂ ਦੀ ਕਲਮ ਦੀ ਰਵਾਨਗੀ ਅਤੇ ਜ਼ਜ਼ਬੇ ਦਾ ਸਬੂਤ ਹੈ। ਸਿੱਧੂ ਦੀ ਸਮਰਥਾ ਦਾ ਕਮਾਲ ਇਹ ਹੈ ਕਿ ਉਹ ਸਿਰਫ਼ ਪੰਜਾਬੀ ਇਤਿਹਾਸ ਤੱਕ ਸੀਮਤ ਨਾ ਹੋ ਕੇ ਕੌਮੀ ਪੱਧਰ ਵੱਲ ਤੇ ਫਿਰ ਕੌਮਾਂਤਰੀ ਪੱਖ ਦੇ ਇਤਿਹਾਸਕ ਨਾਇਕਾਂ ਜਾਂ ਨਾਇਕਾਵਾਂ ਨੂੰ ਆਪਣੇ ਗਲਪ ਦਾ ਪਾਤਰ ਬਣਾਉਂਦਾ ਹੈ। 

ਆਪਣੇ ਇਤਿਹਾਸਕ ਨਾਵਲ ਮਸਤਾਨੀ ਬਾਅਦ ਸਿੱਧੂ ਦਾ ਨਾਵਲ 'ਅੱਗ ਦੀ ਲਾਟ: ਸ਼ਹਿਜ਼ਾਦੀ ਡਾਇਨਾ' ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹੈ। ਨਾਵਲ ਦੀ ਖੂਬਸੂਰਤੀ ਇਸਦੇ ਵਿਸ਼ੇ, ਸ਼ੈਲੀ ਅਤੇ ਗੋਂਦ ਵਿਚ ਹੀ ਨਹੀਂ, ਨਾਵਲ ਦੇ ਸਿਰਲੇਖ਼, ਨਿਭਾਅ ਅਤੇ ਕਿਰਦਾਰ ਖੜ੍ਹਾ ਕਰਨ ਅਤੇ ਇਸ ਨੂੰ ਸਿਰੇ ਤੱਕ ਕਾਇਮ ਰੱਖਣ ਵਿਚ ਹੈ। ਨਾਵਲ ਦੀ ਨਾਇਕਾ ਅਸਲ ਜੀਵਨ ਵਿਚ ਇਕ ਮਹਾਂਨਾਇਕਾ ਹੋਣ ਦਾ ਸੰਤਾਪ ਹੰਢਾ ਚੁੱਕੀ ਹੈ। ਇਕ ਮੱਧਵਰਗੀ ਸਧਾਰਣ ਪਰਿਵਾਰ ਵਿਚ ਜੰਮੀ ਲੇਡੀ ਡਾਇਨਾ ਸਪੈਂਸਰ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਦਿਆਂ ਹੁਸਨ ਦੇ ਅਜ਼ੀਮ ਜਲੌ ਨਾਲ ਮਾਲਾ-ਮਾਲ ਹੋ ਜਾਂਦੀ ਹੈ। ਸਮਾਜ ਵਿਚ ਵਿਚਰਦਿਆਂ ਉਹ ਸਹੀ ਸਲੀਕੇ ਨਾਲ ਪੇਸ਼ ਆਉਂਦੀ ਹੈ। ਘੱਟ ਬੋਲਣਾ, ਹੌਲੀ ਤੁਰਣਾ ਅਤੇ ਚੰਗਾ ਪਹਿਣਨਾ, ਉਸਦੇ ਸੌਕ ਬਣ ਜਾਂਦੇ ਹਨ। ਇਸੇ ਦੌਰਾਨ ਉਸਦਾ ਰੂਬਰੂ ਸ਼ਹਿਜ਼ਾਦਾ ਚਾਰਲਸ ਨਾਲ ਹੁੰਦਾ ਹੈ, ਜਿਸਦੀ ਪਾਰਖੂ ਅੱਖ ਡਾਇਨਾ ਦੇ ਅੰਦਾਜ਼ ਨੂੰ ਭਾਂਪ ਲੈਂਦੀ ਹੈ।
ਸਿੱਧੂ ਨੇ ਆਪਣੀ ਗੋਰੀ ਨਾਇਕਾ ਨੂੰ ਪੰਜਾਬੀ ਰੰਗਣ ਵਿਚ ਐਨੀ ਸਿੱਦਤ ਨਾਲ ਪੇਸ਼ ਕੀਤਾ ਹੈ ਕਿ ਨਾਵਲ ਪੜ੍ਹਦਿਆਂ ਕਈ ਵਾਰ ਇੰਜ ਜਾਪਣ ਲੱਗਦਾ ਹੈ ਕਿ ਡਾਇਨਾ ਕੋਈ ਅੰਗਰੇਜ਼ ਮੁਟਿਆਰ ਨਾ ਹੋ ਕੇ ਪੰਜਾਬਣ ਜੱਟੀ ਹੋਵੇ। ਉਸਦੇ ਡੁੱਲ੍ਹ-ਡੁੱਲ੍ਹ ਪੈਂਦੇ ਹੁਸਨ ਦੀ ਤਾਰੀਫ਼ ਕਰਦਾ ਸਿੱਧੂ ਪੰਜਾਬੀ ਕਿੱਸਾਕਾਰਾਂ ਵਾਂਗ ਅਲੰਕਾਰਾਂ ਦੀ ਝੜੀ ਲਾ ਦਿੰਦਾ ਹੈ। ਪੇਂਡੂ ਪੰਜਾਬਣਾਂ ਵਾਂਗ ਫਰਾਟੇਦਾਰ ਅਤੇ ਮਿੱਠੀ ਪੰਜਾਬੀ ਬੋਲਦੀ ਡਾਇਨਾ ਪਾਠਕ ਨੂੰ ਅਚੰਭਿਤ ਵੀ ਕਰਦੀ ਹੈ ਅਤੇ ਸੰਂਤੁਸ਼ਟ ਵੀ। ਦੂਸਰੇ ਪਾਤਰ ਵੀ ਚੰਗੀ ਪੰਜਾਬੀ ਬੋਲਦੇ ਹਨ। ਅਸਲ ਵਿਚ ਨਾਵਲਕਾਰ ਦੀ ਸਫ਼ਲਤਾ ਇਸ ਗੱਲ ਵਿਚ ਹੁੰਦੀ ਹੈ ਕਿ ਉਹ ਜਿਸ ਭਾਸ਼ਾ ਵਿਚ ਲਿਖਦਾ ਹੈ, ਉਸ ਨਲਾ ਕਿੰਨਾ ਕੁ ਨਿਆਂ ਕਰਦਾ ਹੈ। ਸਿੱਧੂ ਇਸ ਪੱਖ ਤੋਂ ਸਫ਼ਲ ਰਿਹਾ ਹੈ। ਮਿਸਾਲ ਪੇਸ਼ ਹੈ - 
ਅਸੀਂ ਫੁੱਲਹਮ ਰੋਡ ਨਜ਼ਦੀਕ ਮੇਰੇ ਪਿਤਾ ਦੇ ਪਸੰਦੀਦਾ ਰੈਸਟੋਰੈਂਟ ਜੈਕ'ਜ਼ ਵਿੱਚ ਦੁਪਿਹਰ ਦਾ ਭੋਜਨ ਕਰਨ ਲਈ ਮਿਲੇ। ਮੇਰਾ ਪਿਤਾ ਜਾਣਦਾ ਸੀ ਕਿ ਮੈਂ ਡਾਇਨਾ ਨੂੰ ਘੋੜ ਸਵਾਰੀ ਸਿਖਾ ਰਿਹਾ ਸੀ।
"ਡਾਇਨਾ ਸੋਹਣੀ ਤੇ ਚਾਲੂ ਰੰਨ ਹੈ। ਘੋੜ ਸਵਾਰੀ ਤੋਂ ਗੱਲ ਅੱਗੇ ਵਧੀ ਕਿ ਨਹੀਂ?" 
ਯਕਾਯਕ ਮੇਰੇ ਪਿਤਾ ਨੇ ਪਰਵਾਰਿਕ ਗੱਲਬਾਤ ਦਾ ਵਿਸ਼ਾ ਬਦਲ ਕੇ ਮੈਨੂੰ ਸਵਾਲ ਦਾਗ ਦਿੱਤਾ ਸੀ। ਜਿਵੇਂ ਕਹਿੰਦੇ ਹਨ ਕਿ ਦਾਈਆਂ ਤੋਂ ਢਿੱਡ ਤੇ ਮਾਪਿਆਂ ਤੋਂ ਸੱਚ ਨਹੀਂ ਲਕੋਏ ਜਾ ਸਕਦੇ। ਮੈਂ ਵੀ ਆਪਣੇ ਪਿਤਾ ਕੋਲ ਝੂਠ ਨਾ ਬੋਲ ਸਕਿਆ ਤੇ ਇਸ ਮਾਮਲੇ ਵਿੱਚ ਆਪਣੇ ਤੀਮੀਬਾਜ਼ ਪਿਤਾ ਦੀ ਸਲਾਹ ਮੰਗੀ ਸੀ, "ਮੈਨੂੰ ਕੀ ਕਰਨਾ ਚਾਹੀਦਾ ਹੈ?"
"ਤੈਨੂੰ ਹਰ ਕਦਮ ਫੂਕ-ਫੂਕ ਕੇ ਰੱਖਣਾ ਪਵੇਗਾ।… ਕਿੰਨਾ ਕੁ ਪਿਆਰ ਕਰਦੈਂ ਉਹਨੂੰ?"
"ਬਹੁਤ ਬਹੁਤ ਜ਼ਿਆਦਾ। ਇੱਕ ਮਿੰਟ ਵੀ ਉਹਦੇ ਬਿਨਾ ਰਹਿਣਾ ਔਖਾ ਜਿਹਾ ਲੱਗਦਾ ਹੈ।"
"ਦੇਖ ਬਰਖੁਰਦਾਰ, ਇਹ ਇਸ਼ਕ-ਵਿਸ਼ਕ ਕੁਝ ਨਹੀਂ ਹੁੰਦੈ। ਸਭ ਕਿਤਾਬੀ ਗੱਲਾਂ ਨੇ। ਸ਼ਾਹੀ ਘਰਾਣਿਆਂ ਦੀਆਂ ਅਮੀਰ ਔਰਤਾਂ ਨਿਰੀਆਂ ਅੱਗ ਦੀਆਂ ਲਾਟਾਂ ਹੁੰਦੀਆਂ ਹਨ। ਜੇ ਇਹਨਾਂ ਤੋਂ ਸੀਮਿਤ ਦੂਰੀ ਰੱਖੀਏ ਤਾਂ ਭਾਵੇਂ ਸਾਰੀ ਉਮਰ ਸੇਕਦੇ ਰਹੋ, ਇਹ ਨਿੱਘ ਦਿੰਦੀਆਂ ਰਹਿਣਗੀਆਂ। ਜੇ ਜ਼ਿਆਦਾ ਨਜ਼ਦੀਕ ਹੋ ਕੇ ਦੇਰ ਤੱਕ ਇਹਨਾਂ ਵਿੱਚ ਹੱਥ ਪਾਵੋਗੇ ਤਾਂ ਝੁਲਸੇ ਜਾਵੋਂਗੇ। ਇਹਨਾਂ ਨੂੰ ਦੂਰੋਂ ਦੇਖੀਏ ਤਾਂ ਇਹ ਤੁਹਾਡੀ ਜ਼ਿੰਦਗੀ ਨੂੰ ਲੋਅ ਬਣਕੇ ਰੋਸ਼ਨਾਉਂਦੀਆਂ ਜਾਪਦੀਆਂ ਹਨ। ਇਹਨਾਂ ਦੀ ਤਪਸ਼ ਤੇ ਆਨੰਦ ਮਾਨਣ ਦੀ ਆਦਤ ਪੈ ਜਾਵੇ ਤਾਂ ਛੇਤੀ ਕਿਤੇ ਛੁੱਟਦੀ ਨਹੀਂ। ਇਹਨਾਂ ਕੋਲੋਂ ਦੂਰ ਹੁੰਦਿਆਂ ਹੀ ਬੰਦਾ ਠਰਨ ਲੱਗ ਜਾਂਦਾ ਹੈ। ਮੇਰੀ ਤਾਂ ਇਹੀ ਸਲਾਹ ਹੈ ਕਿ ਡਾਇਨਾ ਵਰਗੀ ਅੱਗ ਦੀ ਲਾਟ ਦਾ ਨਿੱਘ ਮਾਣ, ਪਰ ਝੁਲਸੇ ਜਾਣ ਤੋਂ ਬਚੀ।"
"ਕੁਝ ਵੀ ਹੋਵੇ ਡੈਡ, ਡਾਇਨਾ ਨੂੰ ਮੇਰੀ ਜ਼ਰੂਰਤ ਹੈ। ਮੈਂ ਉਸਦੀ ਮਦਦ ਕਰਨਾ ਚਾਹੁੰਦਾ ਹਾਂ। ਮੈਂ ਡਾਇਨਾ ਬਿਨਾ ਨਹੀਂ ਰਹਿ ਸਕਦਾ। ਭਾਵੇਂ ਪਤੰਗੇ ਵਾਂਗੂ ਮੈਨੂੰ ਉਸ ਅੱਗ ਦੀ ਲਾਟ ਵਿੱਚ ਸੜਨਾ ਹੀ ਕਿਉਂ ਨਾ ਪਵੇ! ਮੈਂ ਉਸ ਸ਼ਮ੍ਹਾ 'ਤੇ ਪਰਵਾਨਾ ਬਣ ਕੇ ਮੰਡਰਾਵਾਂਗਾ।" 
"ਇਹ ਪਰਵਾਨੇ ਪਤੰਗੇ ਕਵੀਆਂ ਲੇਖਕਾਂ ਦੇ ਘੜੇ ਹੋਏ ਸਿੰਬਲ ਨੇ ਸਭ ਬਕਵਾਸ ਗੱਲਾਂ ਹਨ।ਅਸਲ ਜ਼ਿੰਦਗੀ ਵਿੱਚ ਇਹਨਾਂ ਦਾ ਕੋਈ ਮਾਇਨਾ ਨਹੀਂ ਹੁੰਦਾ। ਕੁਝ ਬਣਨਾ ਹੀ ਹੈ ਤਾਂ ਬਾਗਾਂ ਵਾਲਾ ਭੌਰਾ ਬਣ, ਮਹਿਕ ਮਾਣ ਤੇ ਉੱਡ ਕੇ ਇੱਕ ਫੁੱਲ ਤੋਂ ਕਿਸੇ ਹੋਰ ਕਲੀ 'ਤੇ ਜਾ ਬੈਠੀ। ਉਹ ਨੱਢੀ ਹੱਥ ਫਰਾਉਣਾ ਚਾਹੁੰਦੀ ਹੈ। ਚੱਜ ਨਾਲ ਸਵਾਰ ਕੇ ਰਗੜੀ ਚੱਲ। ਫੇਰ ਕੋਈ ਸਾਊ ਤੇ ਸ਼ਰੀਫ ਜਿਹੀ ਚੰਗੇ ਖਾਨਦਾਨ ਦੀ ਕੁੜੀ ਟੋਲ ਕੇ ਕੱਲ੍ਹ ਨੂੰ ਤੇਰਾ ਵਿਆਹ ਕਰ ਦਿਆਂਗੇ।"
"ਪਰ ਫੇਰ ਮੈਂ ਡਾਇਨਾ ਨੂੰ ਕੀ ਜੁਆਬ ਦੇਵਾਂਗਾ?"
"ਤੈਂ ਸਾਲੀ ਨਾਲ ਵਿਆਹ ਕਰਾਉਣੈ? ਕਹਿ ਦੇਵੀਂ ਖੇਲ ਖਤਮ, ਪੈਸਾ ਹਜ਼ਮ। ਨਾਲੇ ਤੂੰ ਕੀ ਜੁਆਬ ਦੇਵੇਂਗਾ। ਜੁਆਬ ਤਾਂ ਜੀਅ ਲਾਹ ਕੇ ਉਹ ਤੈਨੂੰ ਦੇ ਜਾਊ। ਤੂੰ ਕੀ ਸੋਚਦੈਂ ਉਹ ਇਕੱਲੇ ਤੇਰੇ 'ਤੇ ਬੈਠੀ ਹੋਊੂ? ਛੱਤੀ ਧੱਗੜੇ ਰੱਖੇ ਹੁੰਦੇ ਆ ਇਹੋ ਜਿਹੀਆਂ ਚੰਚਲਹਾਰੀਆਂ ਰੰਨਾਂ ਨੇ।"
"ਨਹੀਂ ਡਾਇਨਾ ਇਹੋ ਜਿਹੀ ਨ੍ਹੀਂ।"
ਡਾਇਨਾ ਲਈ ਸ਼ਾਹੀ ਨੂੰਹ ਬਣਨਾ ਇਕ ਖੱਟੇ-ਮਿੱਠੇ ਅਹਿਸਾਸ ਦਾ ਬਾਇਸ ਬਣਦਾ ਹੈ। ਪੂੰਜੀ, ਸੱਤਾ ਅਤੇ ਸ਼ਰਧਾ ਦਾ ਤਿਕੋਣ ਹਰ ਵਿਅਕਤੀ ਜਾਂ ਵਸਤ ਨੂੰ ਲਾਹੇਵੰਦ ਹਥਿਆਰ ਵਜੋਂ ਵਰਤਣ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਜਨ-ਸੰਚਾਰ ਸਾਧਨਾਂ ਲਈ ਡਾਇਨਾ ਇਕ ਵਸਤ ਹੈ, ਜਿਸ ਨੂੰ ਵਰਤ ਕੇ ਉਹ ਆਪਣੀ ਟੀ ਡੀ ਪੀ ਵਧਾਉਣ ਲਈ ਪੱਬਾਂ-ਭਾਰ ਹਨ। ਡਾਇਨਾ ਆਪਣੀ ਜਿੰਦਗੀ ਨੂੰ ਭਰਪੂਰ ਮਾਣਨਾ ਚਾਹੁੰਦੀ ਹੈ। ਉਸਦੇ ਆਸ਼ਕਾਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਉਸ ਦੇ ਆਸ਼ਕ ਉਸ ਨਾਲ ਪਿਆਰ-ਪੀਂਘਾਂ ਝੂਟਦੇ ਹਨ। ਪੱਤਰਕਾਰ ਕੈਮਰੇ ਚੁੱਕ ਕੇ ਉਸਦੀ ਨਿੱਜੀ ਜਿੰਦਗੀ ਵਿਚ ਲੋੜ ਤੋਂ ਵੱਧ ਦਖ਼ਲ ਕਰਨ ਦੇ ਉਮਾਦਾ ਹਨ। ਪਾਪਾਰਜ਼ੀ ਲਈ ਤਾਂ ਡਾਇਨਾ ਆਕਸੀਜਨ ਸੀ। ਆਖ਼ਰ, ਡਾਇਨਾ ਇਸੇ ਲਾਲਸਾ ਦੇ ਜੁੱਟ ਦਾ ਸ਼ਿਕਾਰ ਬਣੀ, ਅਤੇ ਇਕ ਦੁਖਦਾਈ ਹਾਦਸੇ ਵਿਚ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ। 
ਬਰਤਾਨੀਆਂ ਦੇ ਸ਼ਾਹੀ ਪਰਿਵਾਰ ਦੀ ਨੂੰਹ ਬਣਨ ਬਾਅਦ ਚਾਲਰਸ ਦੀ ਵਹੁਟੀ ਡਾਇਨਾ ਨੂੰ ਅਨੇਕ ਸੁੱਖ-ਸਹੂਲਤਾਂ ਤਾਂ ਮਿਲ ਜਾਂਦੀਆਂ ਹਨ, ਪਰ ਸ਼ਾਹੀ ਮਲਿਕਾ ਉਸਦਨੂੰ ਸ਼ਾਹੀ ਮਰਿਯਾਦਾ ਅੰਦਰ ਰਹਿ ਕੇ ਜੀਵਨ ਬਸਰ ਕਰਨ ਦੀ ਸਲਾਹ ਦਿੰਦੀ ਹੈ। ਸ਼ਾਹੀ ਪਰਿਵਾਰ ਦੀਆਂ ਰਹੁ-ਰੀਤਾਂ ਮੁਤਾਬਿਕ ਜਿਉਂਣਾ ਉਸ ਨੂੰ ਗਵਾਰਾ ਨਹੀਂ ਸੀ। ਉਹ ਛੋਟੇ ਵਾਲ ਰੱਖਣਾ ਪਸੰਦ ਕਰਦੀ ਸੀ, ਪਰ ਮਹਾਰਾਣੀ ਅਲਿਜਾਬੈਥ ਆਪਣੀ ਹੁਸੀਨ ਨੂੰਹ ਨੂੰ ਲੰਮੇ ਵਾਲ ਰੱਖਣ ਲਈ ਮਜਬੂਰ ਕਰਦੀ ਹੈ ਤਾਂ ਡਾਇਨਾ ਬਾਗੀ ਹੋ ਜਾਂਦੀ ਹੈ। 
ਪੁਸਤਕ ਵਿਚ ਅਜਿਹੀਆਂ ਅਨੇਕਾਂ ਘਟਨਾਵਾਂ ਹਨ, ਜੋ ਸ਼ਹਿਜ਼ਾਦੀ ਡਾਇਨਾ ਨੂੰ ਇਕ ਮਹਾਂ-ਨਾਇਕਾ ਜਾਂ ਆਦਰਸ਼ਕ ਬੁੱਤ ਵਜੋਂ ਪੇਸ਼ ਕਰਨ ਦੀ ਥਾਂ ਇਕ ਹੱਡ ਮਾਸ ਦੇ ਪੁਤਲੇ ਵਜੋਂ ਪੇਸ਼ ਕਰਕੇ ਨਾਵਲ ਨੂੰ ਯਥਾਰਥਕ ਰੰਗ ਦਿੰਦੀਆਂ ਹਨ। ਡਾਇਨਾ ਦੀਆਂ ਦੱਬੀਆਂ ਇਛਾਵਾਂ, ਅਣਪੂਰੇ ਸੁਪਨੇ ਅਤੇ ਕੁਚਲੀਆਂ ਮਨੋਭਾਵਨਾਵਾਂ ਦੀ ਪੇਸ਼ਕਾਰੀ ਪੜ੍ਹ ਕੇ ਪਾਠਕ ਸ਼ਾਹੀ ਪਰਿਵਾਰ ਦੀ ਇਸ ਨੂੰਹ ਨੂੰ ਨੇੜੇ ਤੋਂ ਜਾਣਨ ਲਗਦਾ ਹੈ।
ਬਲਰਾਜ ਸਿੱਧੂ ਨੇ "ਮਸਤਾਨੀ" ਨਾਵਲ ਵਾਂਗ ਇਸ ਨਾਵਲ ਵਿਚ ਵੀ ਖੂਬਸੂਰਤ ਤਸਵੀਰਾਂ ਸ਼ਾਮਲ ਕੀਤੀਆਂ ਹਨ। ਜਿੱਥੇ "ਮਸਤਾਨੀ" ਦੀਆਂ ਜ਼ਿਆਦਾਤਰ ਤਸਵੀਰਾਂ ਪੇਟਿੰਗਜ਼ ਹਨ, ਉਥੇ "ਅੱਗ ਦੀ ਲਾਟ" ਦੀਆਂ ਇੱਕਾ-ਦੁੱਕਾ ਤਸਵੀਰਾਂ ਨੂੰ ਛੱਡ ਕੇ ਸਾਰੀਆਂ ਹੀ ਖਿੱਚੀਆਂ ਹੋਈਆਂ ਤਸਵੀਰਾਂ ਹਨ। ਹਰ ਤਸਵੀਰ ਵਿਚ ਡਾਇਨਾ ਇਕ ਵੱਖਰੀ ਅਦਾ, ਇਕ ਵੱਖਰੇ ਅੰਦਾਜ਼ ਵਿਚ ਦਿਖਾਈ ਦਿੰਦੀ ਹੈ। ਜੇਕਰ ਇਸ ਨਾਵਲ ਦੀ ਲਿਖਤ ਨੂੰ ਪੜ੍ਹੇ ਬਿਨਾਂ ਸਿਰਫ਼ ਤਸਵੀਰਾਂ ਨੂੰ ਹੀ ਵੇਖਿਆ ਜਾਵੇ ਤਾਂ ਵੀ ਇਕ ਖੂਬਸੂਰਤ ਕਹਾਣੀ ਸਮਝ ਆ ਜਾਂਦੀ ਹੈ। ਇਸ ਤਰ੍ਹਾਂ ਇਹ ਦੁਨੀਆਂ ਦਾ ਪਹਿਲਾ ਪੰਜਾਬੀ ਨਾਵਲ ਹੈ, ਜੋ ਅਨਪ੍ਹੜ ਵਿਅਕਤੀ ਵੀ ਪੜ੍ਹ ਸਕਦਾ ਹੈ। ਇਹ ਤਕਨੀਕ ਚਾਰਲਸ ਡਿੱਕਨਜ਼ ਸਮੇਤ ਵੈਕਟੋਰੀਅਨ ਯੁਗ ਦੇ ਅਨੇਕਾਂ ਅੰਗਰੇਜ਼ੀ ਨਾਵਲਕਾਰਾਂ ਨੇ ਅਪਣਾਈ, ਪਰ ਅਸਲ ਤਸਵੀਰਾਂ ਪੇਸ਼ ਕਰਕੇ ਨਾਵਲ ਦੇ ਇਤਿਹਾਸ ਵਿਚ, ਸਿੱਧੂ ਨੇ ਨਵੀਂ ਪਿਰਤ ਪਾਈ ਹੈ। 
ਪ੍ਰੋ: ਐਚ ਐਸ ਡਿੰਪਲ 
ਆਬਕਾਰੀ ਤੇ ਕਰ ਅਫ਼ਸਰ 
ਲੁਧਿਆਣਾ - 1
contact to buy this book:
00447713038541 (Whatsapp)
email: balrajssidhu@yahoo.co.uk
Price 350 Rs