ਨਾਵਲ ਸਰਕਾਰ-ਏ-ਖ਼ਾਲਸਾ: ਬੰਦਾ ਸਿੰਘ ਬਹਾਦਰ

ਨਾਵਲਕਾਰ : ਬਲਰਾਜ ਸਿੰਘ ਸਿੱਧੂ ਯੂ ਕੇ
ਪ੍ਰਕਾਸ਼ਕ : ਸੋਸ਼ਲ ਨੈੱਟਵਰਕ ਮੀਡੀਆ ਛਪਣ ਵਰ੍ਹਾ : 2018, ਮੁੱਲ : 500 ਰੁਪਏ, ਪੰਨੇ : 360 ....ਸੰਪਰਕ : 0044-77130-38541 (Whatsapp)
ਸ੍ਰੀ ਦਸਮੇਸ਼ ਪਿਤਾ ਜੀ ਦਾ ਨਿਵਾਜਿਆ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦਾ ਮਹਾਨ ਨਾਇਕ ਹੈ। ਬਹੁਤ ਥੋੜ੍ਹੇ ਸਮੇਂ ਵਿਚ ਹੀ ਉਸ ਨੇ ਮੁਗ਼ਲ ਸਲਤਨਤ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਖ਼ਾਲਸਾ ਰਾਜ ਕਾਇਮ ਕੀਤਾ। ਇਹ ਨਾਵਲ ਇਤਿਹਾਸ, ਗਲਪ, ਕਲਾ ਅਤੇ ਕਲਪਨਾ ਦਾ ਸੁਮੇਲ ਹੈ। ਲਿਖਾਰੀ ਨੇ ਆਪਣੇ ਹਿਸਾਬ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਚਰਿੱਤਰ ਪੇਸ਼ ਕੀਤਾ ਹੈ। ਇਹ ਨਾਵਲ ਉਸ ਨੇ ਬਾਬਾ ਜੀ ਦੀ ਆਤਮਾ ਰਾਹੀਂ ਬਿਆਨ ਕੀਤਾ ਹੈ ਜਿਵੇਂ-'ਕਦੇ ਮੈਂ ਵੀ ਤੁਹਾਡੇ ਵਾਂਗ ਹੱਡ-'ਮਾਸ ਭਾਵ ਅਗਨੀ, ਵਾਯੂ, ਪ੍ਰਿਥਵੀ, ਆਕਾਸ਼ ਅਤੇ ਜਲ ਦੇ ਮਿਸ਼ਰਣ, ਪੰਜ ਤੱਤਾਂ ਦਾ ਬਣਿਆ ਇਨਸਾਨ ਹੁੰਦਾ ਸੀ। ਅਸਲ ਵਿਚ ਹੁਣ ਮੈਂ ਸਰੀਰਕ ਜਾਮਾ ਤਿਆਗ ਚੁੱਕੀ ਆਜ਼ਾਦ ਰੂਹ ਹਾਂ। ਜਦੋਂ ਅਠਾਰ੍ਹਵੀਂ ਸਦੀ ਦੇ ਭਾਰਤ ਦੀ ਕਰਮਭੂਮੀ 'ਤੇ ਮੈਂ ਸਰੀਰਕ ਰੂਪ ਵਿਚ ਦੁਨੀਆ 'ਤੇ ਵਿਚਰਿਆ ਸੀ ਤਾਂ ਉਦੋਂ ਮੇਰੇ ਬੁੱਤ ਦਾ ਨਾਂਅ ਬੰਦਾ ਬਹਾਦਰ ਸੀ। ਹੁਣ ਮੈਂ ਉਸ ਦੇ ਵਜੂਦ ਵਿਚੋਂ ਨਿਕਲੀ ਹੋਈ ਮਹਿਜ਼ ਆਤਮਾ ਹਾਂ। ਆਤਮਾ ਨਾ ਜੰਮਦੀ ਹੈ, ਨਾ ਮਰਦੀ ਹੈ। ਬਸ ਇਕ ਸਰੀਰ ਤੋਂ ਦੂਜੇ ਸਰੀਰ ਵਿਚ ਚੋਲਾ ਬਦਲਣ ਵਾਂਗ ਪ੍ਰਵੇਸ਼ ਕਰਦੀ ਰਹਿੰਦੀ ਹੈ। ਬੰਦਾ ਸਿੰਘ ਬਹਾਦਰ ਦੇ ਲਿਬਾਸ ਤੋਂ ਬਾਅਦ ਕੋਈ ਦੇਹ ਰੂਪੀ ਚੋਲਾ ਮੇਰੇ ਮੇਚ ਹੀ ਨਹੀਂ ਸੀ ਆਇਆ। ਇਸੇ ਲਈ ਮੈਂ ਅੱਜ ਵੀ ਸੁਤੰਤਰ ਆਤਮਾ... ਇਕ ਆਜ਼ਾਦ ਰੂਹ ਹਾਂ।'
ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਅੱਗ ਦੀ ਲਾਟ ਵਰਗਾ ਹੈ। ਉਸ ਨੇ ਮਹਾਨ ਕਾਰਨਾਮੇ ਅਤੇ ਪਰਿਵਾਰ ਸਮੇਤ ਮਹਾਨ ਕੁਰਬਾਨੀ ਦਿੱਤੀ। ਲੇਖਕ ਨੇ ਸਿੱਖ ਇਤਿਹਾਸ ਦੇ ਨਾਲ-ਨਾਲ ਮੁਗਲਾਂ, ਮਰਾਠਿਆਂ ਅਤੇ ਰਾਜਪੂਤਾਂ ਦੇ ਇਤਿਹਾਸ ਨੂੰ ਵੀ ਦ੍ਰਿਸ਼ਟੀਗੋਚਰ ਕੀਤਾ ਹੈ। ਇਉਂ ਇਹ ਨਾਵਲ ਇਕ ਇਤਿਹਾਸਕ ਦਸਤਾਵੇਜ਼ ਬਣ ਗਿਆ ਹੈ, ਜਿਸ ਨੂੰ ਕਲਪਨਾ ਦੀ ਪੁੱਠ ਚਾੜ੍ਹ ਕੇ ਦਿਲਚਸਪ ਬਣਾਇਆ ਗਿਆ ਹੈ। ਇਹ ਵੱਡਆਕਾਰੀ ਨਾਵਲ ਬਹੁਤ ਖੋਜ ਅਤੇ ਮਿਹਨਤ ਨਾਲ ਲਿਖਿਆ ਗਿਆ ਹੈ। ਫਿਰ ਵੀ ਇਸ ਵਿਚ ਕਈ ਵਿਵਾਦਿਤ ਗੱਲਾਂ ਹਨ।
-ਡਾ: ਸਰਬਜੀਤ ਕੌਰ ਸੰਧਾਵਾਲੀਆ

No comments:

Post a Comment