ਅੱਗ ਦੀ ਲਾਟ ਦੀਆਂ ਮਨੋਵਿਗਿਆਨਕ ਪਰਤਾਂ

ਬਲਰਾਜ ਸਿੱਧੂ ਪੰਜਾਬੀ ਸਾਹਿਤ ਦੇ ਖ਼ੇਤਰ ਵਿਚ ਇਕ ਅਜ਼ੀਮ ਚਮਤਕਾਰ ਹੈ, ਜਿਸ ਨੇ ਪ੍ਰਵਾਸ ਦਾ ਸੰਤਾਪ ਹੰਢਾਉਂਦਿਆਂ ਆਪਣੀ ਕਲਮ ਨੂੰ ਜਰਖੇਜ਼ ਹੀ ਨਹੀਂ ਰੱਖਿਆ ਸਗੋਂ ਇਤਿਹਾਸ ਨੂੰ ਗਲਪੀ ਬਿੰਬ ਵਿਚ ਢਾਲਣ ਦੇ ਬਿਖੜੇ ਪੈਂਡੇ ਤੇ ਚੱਲ ਕੇ ਆਪਣੀ ਰਚਨਾਤਮਕ ਪ੍ਰਤਿਭਾ, ਇਤਿਹਾਸਕ ਸੂਝ ਅਤੇ ਅਧਿਐਨ-ਅਨੁਭਵ ਵਿਚੋਂ ਕਸ਼ੀਦੇ ਗਿਆਨ ਦਾ ਲੋਹਾ ਮਨਵਾਇਆ ਹੈ। ਭਾਵੇਂ ਕਿ ਪੰਜਾਬੀ ਵਿਚ ਇਤਾਹਸ ਦੀ ਸਾਹਿਤਕ ਪੁਨਰ-ਸਿਰਜਨਾ ਦੇ ਖ਼ੇਤਰ ਵਿਚ ਗਿਆਨੀ ਭਜਨ ਸਿੰਘ, ਸੋਹਣ ਸਿੰਘ ਸੀਤਲ, ਇੰਦਰ ਸਿੰਘ ਖਾਮੋਸ਼, ਬਲਦੇਵ ਸਿੰਘ ਸੜਕਨਾਮਾ ਅਤੇ ਜਸਵੰਤ ਸਿੰਘ ਕੰਵਲ ਨੇ ਆਪਣਾ-ਆਪਣਾ ਹਿੱਸਾ ਪਾਇਆ ਹੈ, ਪਰ ਇਸ ਖੁਸ਼ਕ ਵਿਸ਼ੇ ਨੂੰ ਅਤਿ-ਸਧਾਰਣ ਪਾਠਕ ਨੂੰ ਪ੍ਰੇਰਤ ਕਰਕੇ ਸਿੱਧੂ ਸ਼ਲਾਘਾ ਦਾ ਪਾਤਰ ਬਣਦਾ ਹੈ। ਉਹ ਇਤਿਹਾਸ ਦੇ ਉਸ ਬਿੰਦੂ ਨੂੰ ਫੜਦਾ ਹੈ, ਜਿਥੇ ਸਭ ਤੋਂ ਵੱਧ ਵਿਵਾਦ ਹੁੰਦਾ ਹੈ, ਸਭ ਤੋਂ ਵੱਧ ਮੇਹਨਤ ਦੀ ਲੋੜ ਹੁੰਦੀ ਹੈ, ਅਤੇ ਸਭ ਤੋਂ ਵੱਧ ਲੁਪਤ ਜਾਂ ਲੁਕਿਆ ਹੁੰਦਾ ਹੈ। ਇਹ ਸਿੱਧੂ ਦੀ ਕਲਮ ਦੀ ਰਵਾਨਗੀ ਅਤੇ ਜ਼ਜ਼ਬੇ ਦਾ ਸਬੂਤ ਹੈ। ਸਿੱਧੂ ਦੀ ਸਮਰਥਾ ਦਾ ਕਮਾਲ ਇਹ ਹੈ ਕਿ ਉਹ ਸਿਰਫ਼ ਪੰਜਾਬੀ ਇਤਿਹਾਸ ਤੱਕ ਸੀਮਤ ਨਾ ਹੋ ਕੇ ਕੌਮੀ ਪੱਧਰ ਵੱਲ ਤੇ ਫਿਰ ਕੌਮਾਂਤਰੀ ਪੱਖ ਦੇ ਇਤਿਹਾਸਕ ਨਾਇਕਾਂ ਜਾਂ ਨਾਇਕਾਵਾਂ ਨੂੰ ਆਪਣੇ ਗਲਪ ਦਾ ਪਾਤਰ ਬਣਾਉਂਦਾ ਹੈ। 

ਆਪਣੇ ਇਤਿਹਾਸਕ ਨਾਵਲ ਮਸਤਾਨੀ ਬਾਅਦ ਸਿੱਧੂ ਦਾ ਨਾਵਲ 'ਅੱਗ ਦੀ ਲਾਟ: ਸ਼ਹਿਜ਼ਾਦੀ ਡਾਇਨਾ' ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹੈ। ਨਾਵਲ ਦੀ ਖੂਬਸੂਰਤੀ ਇਸਦੇ ਵਿਸ਼ੇ, ਸ਼ੈਲੀ ਅਤੇ ਗੋਂਦ ਵਿਚ ਹੀ ਨਹੀਂ, ਨਾਵਲ ਦੇ ਸਿਰਲੇਖ਼, ਨਿਭਾਅ ਅਤੇ ਕਿਰਦਾਰ ਖੜ੍ਹਾ ਕਰਨ ਅਤੇ ਇਸ ਨੂੰ ਸਿਰੇ ਤੱਕ ਕਾਇਮ ਰੱਖਣ ਵਿਚ ਹੈ। ਨਾਵਲ ਦੀ ਨਾਇਕਾ ਅਸਲ ਜੀਵਨ ਵਿਚ ਇਕ ਮਹਾਂਨਾਇਕਾ ਹੋਣ ਦਾ ਸੰਤਾਪ ਹੰਢਾ ਚੁੱਕੀ ਹੈ। ਇਕ ਮੱਧਵਰਗੀ ਸਧਾਰਣ ਪਰਿਵਾਰ ਵਿਚ ਜੰਮੀ ਲੇਡੀ ਡਾਇਨਾ ਸਪੈਂਸਰ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਦਿਆਂ ਹੁਸਨ ਦੇ ਅਜ਼ੀਮ ਜਲੌ ਨਾਲ ਮਾਲਾ-ਮਾਲ ਹੋ ਜਾਂਦੀ ਹੈ। ਸਮਾਜ ਵਿਚ ਵਿਚਰਦਿਆਂ ਉਹ ਸਹੀ ਸਲੀਕੇ ਨਾਲ ਪੇਸ਼ ਆਉਂਦੀ ਹੈ। ਘੱਟ ਬੋਲਣਾ, ਹੌਲੀ ਤੁਰਣਾ ਅਤੇ ਚੰਗਾ ਪਹਿਣਨਾ, ਉਸਦੇ ਸੌਕ ਬਣ ਜਾਂਦੇ ਹਨ। ਇਸੇ ਦੌਰਾਨ ਉਸਦਾ ਰੂਬਰੂ ਸ਼ਹਿਜ਼ਾਦਾ ਚਾਰਲਸ ਨਾਲ ਹੁੰਦਾ ਹੈ, ਜਿਸਦੀ ਪਾਰਖੂ ਅੱਖ ਡਾਇਨਾ ਦੇ ਅੰਦਾਜ਼ ਨੂੰ ਭਾਂਪ ਲੈਂਦੀ ਹੈ।
ਸਿੱਧੂ ਨੇ ਆਪਣੀ ਗੋਰੀ ਨਾਇਕਾ ਨੂੰ ਪੰਜਾਬੀ ਰੰਗਣ ਵਿਚ ਐਨੀ ਸਿੱਦਤ ਨਾਲ ਪੇਸ਼ ਕੀਤਾ ਹੈ ਕਿ ਨਾਵਲ ਪੜ੍ਹਦਿਆਂ ਕਈ ਵਾਰ ਇੰਜ ਜਾਪਣ ਲੱਗਦਾ ਹੈ ਕਿ ਡਾਇਨਾ ਕੋਈ ਅੰਗਰੇਜ਼ ਮੁਟਿਆਰ ਨਾ ਹੋ ਕੇ ਪੰਜਾਬਣ ਜੱਟੀ ਹੋਵੇ। ਉਸਦੇ ਡੁੱਲ੍ਹ-ਡੁੱਲ੍ਹ ਪੈਂਦੇ ਹੁਸਨ ਦੀ ਤਾਰੀਫ਼ ਕਰਦਾ ਸਿੱਧੂ ਪੰਜਾਬੀ ਕਿੱਸਾਕਾਰਾਂ ਵਾਂਗ ਅਲੰਕਾਰਾਂ ਦੀ ਝੜੀ ਲਾ ਦਿੰਦਾ ਹੈ। ਪੇਂਡੂ ਪੰਜਾਬਣਾਂ ਵਾਂਗ ਫਰਾਟੇਦਾਰ ਅਤੇ ਮਿੱਠੀ ਪੰਜਾਬੀ ਬੋਲਦੀ ਡਾਇਨਾ ਪਾਠਕ ਨੂੰ ਅਚੰਭਿਤ ਵੀ ਕਰਦੀ ਹੈ ਅਤੇ ਸੰਂਤੁਸ਼ਟ ਵੀ। ਦੂਸਰੇ ਪਾਤਰ ਵੀ ਚੰਗੀ ਪੰਜਾਬੀ ਬੋਲਦੇ ਹਨ। ਅਸਲ ਵਿਚ ਨਾਵਲਕਾਰ ਦੀ ਸਫ਼ਲਤਾ ਇਸ ਗੱਲ ਵਿਚ ਹੁੰਦੀ ਹੈ ਕਿ ਉਹ ਜਿਸ ਭਾਸ਼ਾ ਵਿਚ ਲਿਖਦਾ ਹੈ, ਉਸ ਨਲਾ ਕਿੰਨਾ ਕੁ ਨਿਆਂ ਕਰਦਾ ਹੈ। ਸਿੱਧੂ ਇਸ ਪੱਖ ਤੋਂ ਸਫ਼ਲ ਰਿਹਾ ਹੈ। ਮਿਸਾਲ ਪੇਸ਼ ਹੈ - 
ਅਸੀਂ ਫੁੱਲਹਮ ਰੋਡ ਨਜ਼ਦੀਕ ਮੇਰੇ ਪਿਤਾ ਦੇ ਪਸੰਦੀਦਾ ਰੈਸਟੋਰੈਂਟ ਜੈਕ'ਜ਼ ਵਿੱਚ ਦੁਪਿਹਰ ਦਾ ਭੋਜਨ ਕਰਨ ਲਈ ਮਿਲੇ। ਮੇਰਾ ਪਿਤਾ ਜਾਣਦਾ ਸੀ ਕਿ ਮੈਂ ਡਾਇਨਾ ਨੂੰ ਘੋੜ ਸਵਾਰੀ ਸਿਖਾ ਰਿਹਾ ਸੀ।
"ਡਾਇਨਾ ਸੋਹਣੀ ਤੇ ਚਾਲੂ ਰੰਨ ਹੈ। ਘੋੜ ਸਵਾਰੀ ਤੋਂ ਗੱਲ ਅੱਗੇ ਵਧੀ ਕਿ ਨਹੀਂ?" 
ਯਕਾਯਕ ਮੇਰੇ ਪਿਤਾ ਨੇ ਪਰਵਾਰਿਕ ਗੱਲਬਾਤ ਦਾ ਵਿਸ਼ਾ ਬਦਲ ਕੇ ਮੈਨੂੰ ਸਵਾਲ ਦਾਗ ਦਿੱਤਾ ਸੀ। ਜਿਵੇਂ ਕਹਿੰਦੇ ਹਨ ਕਿ ਦਾਈਆਂ ਤੋਂ ਢਿੱਡ ਤੇ ਮਾਪਿਆਂ ਤੋਂ ਸੱਚ ਨਹੀਂ ਲਕੋਏ ਜਾ ਸਕਦੇ। ਮੈਂ ਵੀ ਆਪਣੇ ਪਿਤਾ ਕੋਲ ਝੂਠ ਨਾ ਬੋਲ ਸਕਿਆ ਤੇ ਇਸ ਮਾਮਲੇ ਵਿੱਚ ਆਪਣੇ ਤੀਮੀਬਾਜ਼ ਪਿਤਾ ਦੀ ਸਲਾਹ ਮੰਗੀ ਸੀ, "ਮੈਨੂੰ ਕੀ ਕਰਨਾ ਚਾਹੀਦਾ ਹੈ?"
"ਤੈਨੂੰ ਹਰ ਕਦਮ ਫੂਕ-ਫੂਕ ਕੇ ਰੱਖਣਾ ਪਵੇਗਾ।… ਕਿੰਨਾ ਕੁ ਪਿਆਰ ਕਰਦੈਂ ਉਹਨੂੰ?"
"ਬਹੁਤ ਬਹੁਤ ਜ਼ਿਆਦਾ। ਇੱਕ ਮਿੰਟ ਵੀ ਉਹਦੇ ਬਿਨਾ ਰਹਿਣਾ ਔਖਾ ਜਿਹਾ ਲੱਗਦਾ ਹੈ।"
"ਦੇਖ ਬਰਖੁਰਦਾਰ, ਇਹ ਇਸ਼ਕ-ਵਿਸ਼ਕ ਕੁਝ ਨਹੀਂ ਹੁੰਦੈ। ਸਭ ਕਿਤਾਬੀ ਗੱਲਾਂ ਨੇ। ਸ਼ਾਹੀ ਘਰਾਣਿਆਂ ਦੀਆਂ ਅਮੀਰ ਔਰਤਾਂ ਨਿਰੀਆਂ ਅੱਗ ਦੀਆਂ ਲਾਟਾਂ ਹੁੰਦੀਆਂ ਹਨ। ਜੇ ਇਹਨਾਂ ਤੋਂ ਸੀਮਿਤ ਦੂਰੀ ਰੱਖੀਏ ਤਾਂ ਭਾਵੇਂ ਸਾਰੀ ਉਮਰ ਸੇਕਦੇ ਰਹੋ, ਇਹ ਨਿੱਘ ਦਿੰਦੀਆਂ ਰਹਿਣਗੀਆਂ। ਜੇ ਜ਼ਿਆਦਾ ਨਜ਼ਦੀਕ ਹੋ ਕੇ ਦੇਰ ਤੱਕ ਇਹਨਾਂ ਵਿੱਚ ਹੱਥ ਪਾਵੋਗੇ ਤਾਂ ਝੁਲਸੇ ਜਾਵੋਂਗੇ। ਇਹਨਾਂ ਨੂੰ ਦੂਰੋਂ ਦੇਖੀਏ ਤਾਂ ਇਹ ਤੁਹਾਡੀ ਜ਼ਿੰਦਗੀ ਨੂੰ ਲੋਅ ਬਣਕੇ ਰੋਸ਼ਨਾਉਂਦੀਆਂ ਜਾਪਦੀਆਂ ਹਨ। ਇਹਨਾਂ ਦੀ ਤਪਸ਼ ਤੇ ਆਨੰਦ ਮਾਨਣ ਦੀ ਆਦਤ ਪੈ ਜਾਵੇ ਤਾਂ ਛੇਤੀ ਕਿਤੇ ਛੁੱਟਦੀ ਨਹੀਂ। ਇਹਨਾਂ ਕੋਲੋਂ ਦੂਰ ਹੁੰਦਿਆਂ ਹੀ ਬੰਦਾ ਠਰਨ ਲੱਗ ਜਾਂਦਾ ਹੈ। ਮੇਰੀ ਤਾਂ ਇਹੀ ਸਲਾਹ ਹੈ ਕਿ ਡਾਇਨਾ ਵਰਗੀ ਅੱਗ ਦੀ ਲਾਟ ਦਾ ਨਿੱਘ ਮਾਣ, ਪਰ ਝੁਲਸੇ ਜਾਣ ਤੋਂ ਬਚੀ।"
"ਕੁਝ ਵੀ ਹੋਵੇ ਡੈਡ, ਡਾਇਨਾ ਨੂੰ ਮੇਰੀ ਜ਼ਰੂਰਤ ਹੈ। ਮੈਂ ਉਸਦੀ ਮਦਦ ਕਰਨਾ ਚਾਹੁੰਦਾ ਹਾਂ। ਮੈਂ ਡਾਇਨਾ ਬਿਨਾ ਨਹੀਂ ਰਹਿ ਸਕਦਾ। ਭਾਵੇਂ ਪਤੰਗੇ ਵਾਂਗੂ ਮੈਨੂੰ ਉਸ ਅੱਗ ਦੀ ਲਾਟ ਵਿੱਚ ਸੜਨਾ ਹੀ ਕਿਉਂ ਨਾ ਪਵੇ! ਮੈਂ ਉਸ ਸ਼ਮ੍ਹਾ 'ਤੇ ਪਰਵਾਨਾ ਬਣ ਕੇ ਮੰਡਰਾਵਾਂਗਾ।" 
"ਇਹ ਪਰਵਾਨੇ ਪਤੰਗੇ ਕਵੀਆਂ ਲੇਖਕਾਂ ਦੇ ਘੜੇ ਹੋਏ ਸਿੰਬਲ ਨੇ ਸਭ ਬਕਵਾਸ ਗੱਲਾਂ ਹਨ।ਅਸਲ ਜ਼ਿੰਦਗੀ ਵਿੱਚ ਇਹਨਾਂ ਦਾ ਕੋਈ ਮਾਇਨਾ ਨਹੀਂ ਹੁੰਦਾ। ਕੁਝ ਬਣਨਾ ਹੀ ਹੈ ਤਾਂ ਬਾਗਾਂ ਵਾਲਾ ਭੌਰਾ ਬਣ, ਮਹਿਕ ਮਾਣ ਤੇ ਉੱਡ ਕੇ ਇੱਕ ਫੁੱਲ ਤੋਂ ਕਿਸੇ ਹੋਰ ਕਲੀ 'ਤੇ ਜਾ ਬੈਠੀ। ਉਹ ਨੱਢੀ ਹੱਥ ਫਰਾਉਣਾ ਚਾਹੁੰਦੀ ਹੈ। ਚੱਜ ਨਾਲ ਸਵਾਰ ਕੇ ਰਗੜੀ ਚੱਲ। ਫੇਰ ਕੋਈ ਸਾਊ ਤੇ ਸ਼ਰੀਫ ਜਿਹੀ ਚੰਗੇ ਖਾਨਦਾਨ ਦੀ ਕੁੜੀ ਟੋਲ ਕੇ ਕੱਲ੍ਹ ਨੂੰ ਤੇਰਾ ਵਿਆਹ ਕਰ ਦਿਆਂਗੇ।"
"ਪਰ ਫੇਰ ਮੈਂ ਡਾਇਨਾ ਨੂੰ ਕੀ ਜੁਆਬ ਦੇਵਾਂਗਾ?"
"ਤੈਂ ਸਾਲੀ ਨਾਲ ਵਿਆਹ ਕਰਾਉਣੈ? ਕਹਿ ਦੇਵੀਂ ਖੇਲ ਖਤਮ, ਪੈਸਾ ਹਜ਼ਮ। ਨਾਲੇ ਤੂੰ ਕੀ ਜੁਆਬ ਦੇਵੇਂਗਾ। ਜੁਆਬ ਤਾਂ ਜੀਅ ਲਾਹ ਕੇ ਉਹ ਤੈਨੂੰ ਦੇ ਜਾਊ। ਤੂੰ ਕੀ ਸੋਚਦੈਂ ਉਹ ਇਕੱਲੇ ਤੇਰੇ 'ਤੇ ਬੈਠੀ ਹੋਊੂ? ਛੱਤੀ ਧੱਗੜੇ ਰੱਖੇ ਹੁੰਦੇ ਆ ਇਹੋ ਜਿਹੀਆਂ ਚੰਚਲਹਾਰੀਆਂ ਰੰਨਾਂ ਨੇ।"
"ਨਹੀਂ ਡਾਇਨਾ ਇਹੋ ਜਿਹੀ ਨ੍ਹੀਂ।"
ਡਾਇਨਾ ਲਈ ਸ਼ਾਹੀ ਨੂੰਹ ਬਣਨਾ ਇਕ ਖੱਟੇ-ਮਿੱਠੇ ਅਹਿਸਾਸ ਦਾ ਬਾਇਸ ਬਣਦਾ ਹੈ। ਪੂੰਜੀ, ਸੱਤਾ ਅਤੇ ਸ਼ਰਧਾ ਦਾ ਤਿਕੋਣ ਹਰ ਵਿਅਕਤੀ ਜਾਂ ਵਸਤ ਨੂੰ ਲਾਹੇਵੰਦ ਹਥਿਆਰ ਵਜੋਂ ਵਰਤਣ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਜਨ-ਸੰਚਾਰ ਸਾਧਨਾਂ ਲਈ ਡਾਇਨਾ ਇਕ ਵਸਤ ਹੈ, ਜਿਸ ਨੂੰ ਵਰਤ ਕੇ ਉਹ ਆਪਣੀ ਟੀ ਡੀ ਪੀ ਵਧਾਉਣ ਲਈ ਪੱਬਾਂ-ਭਾਰ ਹਨ। ਡਾਇਨਾ ਆਪਣੀ ਜਿੰਦਗੀ ਨੂੰ ਭਰਪੂਰ ਮਾਣਨਾ ਚਾਹੁੰਦੀ ਹੈ। ਉਸਦੇ ਆਸ਼ਕਾਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਉਸ ਦੇ ਆਸ਼ਕ ਉਸ ਨਾਲ ਪਿਆਰ-ਪੀਂਘਾਂ ਝੂਟਦੇ ਹਨ। ਪੱਤਰਕਾਰ ਕੈਮਰੇ ਚੁੱਕ ਕੇ ਉਸਦੀ ਨਿੱਜੀ ਜਿੰਦਗੀ ਵਿਚ ਲੋੜ ਤੋਂ ਵੱਧ ਦਖ਼ਲ ਕਰਨ ਦੇ ਉਮਾਦਾ ਹਨ। ਪਾਪਾਰਜ਼ੀ ਲਈ ਤਾਂ ਡਾਇਨਾ ਆਕਸੀਜਨ ਸੀ। ਆਖ਼ਰ, ਡਾਇਨਾ ਇਸੇ ਲਾਲਸਾ ਦੇ ਜੁੱਟ ਦਾ ਸ਼ਿਕਾਰ ਬਣੀ, ਅਤੇ ਇਕ ਦੁਖਦਾਈ ਹਾਦਸੇ ਵਿਚ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ। 
ਬਰਤਾਨੀਆਂ ਦੇ ਸ਼ਾਹੀ ਪਰਿਵਾਰ ਦੀ ਨੂੰਹ ਬਣਨ ਬਾਅਦ ਚਾਲਰਸ ਦੀ ਵਹੁਟੀ ਡਾਇਨਾ ਨੂੰ ਅਨੇਕ ਸੁੱਖ-ਸਹੂਲਤਾਂ ਤਾਂ ਮਿਲ ਜਾਂਦੀਆਂ ਹਨ, ਪਰ ਸ਼ਾਹੀ ਮਲਿਕਾ ਉਸਦਨੂੰ ਸ਼ਾਹੀ ਮਰਿਯਾਦਾ ਅੰਦਰ ਰਹਿ ਕੇ ਜੀਵਨ ਬਸਰ ਕਰਨ ਦੀ ਸਲਾਹ ਦਿੰਦੀ ਹੈ। ਸ਼ਾਹੀ ਪਰਿਵਾਰ ਦੀਆਂ ਰਹੁ-ਰੀਤਾਂ ਮੁਤਾਬਿਕ ਜਿਉਂਣਾ ਉਸ ਨੂੰ ਗਵਾਰਾ ਨਹੀਂ ਸੀ। ਉਹ ਛੋਟੇ ਵਾਲ ਰੱਖਣਾ ਪਸੰਦ ਕਰਦੀ ਸੀ, ਪਰ ਮਹਾਰਾਣੀ ਅਲਿਜਾਬੈਥ ਆਪਣੀ ਹੁਸੀਨ ਨੂੰਹ ਨੂੰ ਲੰਮੇ ਵਾਲ ਰੱਖਣ ਲਈ ਮਜਬੂਰ ਕਰਦੀ ਹੈ ਤਾਂ ਡਾਇਨਾ ਬਾਗੀ ਹੋ ਜਾਂਦੀ ਹੈ। 
ਪੁਸਤਕ ਵਿਚ ਅਜਿਹੀਆਂ ਅਨੇਕਾਂ ਘਟਨਾਵਾਂ ਹਨ, ਜੋ ਸ਼ਹਿਜ਼ਾਦੀ ਡਾਇਨਾ ਨੂੰ ਇਕ ਮਹਾਂ-ਨਾਇਕਾ ਜਾਂ ਆਦਰਸ਼ਕ ਬੁੱਤ ਵਜੋਂ ਪੇਸ਼ ਕਰਨ ਦੀ ਥਾਂ ਇਕ ਹੱਡ ਮਾਸ ਦੇ ਪੁਤਲੇ ਵਜੋਂ ਪੇਸ਼ ਕਰਕੇ ਨਾਵਲ ਨੂੰ ਯਥਾਰਥਕ ਰੰਗ ਦਿੰਦੀਆਂ ਹਨ। ਡਾਇਨਾ ਦੀਆਂ ਦੱਬੀਆਂ ਇਛਾਵਾਂ, ਅਣਪੂਰੇ ਸੁਪਨੇ ਅਤੇ ਕੁਚਲੀਆਂ ਮਨੋਭਾਵਨਾਵਾਂ ਦੀ ਪੇਸ਼ਕਾਰੀ ਪੜ੍ਹ ਕੇ ਪਾਠਕ ਸ਼ਾਹੀ ਪਰਿਵਾਰ ਦੀ ਇਸ ਨੂੰਹ ਨੂੰ ਨੇੜੇ ਤੋਂ ਜਾਣਨ ਲਗਦਾ ਹੈ।
ਬਲਰਾਜ ਸਿੱਧੂ ਨੇ "ਮਸਤਾਨੀ" ਨਾਵਲ ਵਾਂਗ ਇਸ ਨਾਵਲ ਵਿਚ ਵੀ ਖੂਬਸੂਰਤ ਤਸਵੀਰਾਂ ਸ਼ਾਮਲ ਕੀਤੀਆਂ ਹਨ। ਜਿੱਥੇ "ਮਸਤਾਨੀ" ਦੀਆਂ ਜ਼ਿਆਦਾਤਰ ਤਸਵੀਰਾਂ ਪੇਟਿੰਗਜ਼ ਹਨ, ਉਥੇ "ਅੱਗ ਦੀ ਲਾਟ" ਦੀਆਂ ਇੱਕਾ-ਦੁੱਕਾ ਤਸਵੀਰਾਂ ਨੂੰ ਛੱਡ ਕੇ ਸਾਰੀਆਂ ਹੀ ਖਿੱਚੀਆਂ ਹੋਈਆਂ ਤਸਵੀਰਾਂ ਹਨ। ਹਰ ਤਸਵੀਰ ਵਿਚ ਡਾਇਨਾ ਇਕ ਵੱਖਰੀ ਅਦਾ, ਇਕ ਵੱਖਰੇ ਅੰਦਾਜ਼ ਵਿਚ ਦਿਖਾਈ ਦਿੰਦੀ ਹੈ। ਜੇਕਰ ਇਸ ਨਾਵਲ ਦੀ ਲਿਖਤ ਨੂੰ ਪੜ੍ਹੇ ਬਿਨਾਂ ਸਿਰਫ਼ ਤਸਵੀਰਾਂ ਨੂੰ ਹੀ ਵੇਖਿਆ ਜਾਵੇ ਤਾਂ ਵੀ ਇਕ ਖੂਬਸੂਰਤ ਕਹਾਣੀ ਸਮਝ ਆ ਜਾਂਦੀ ਹੈ। ਇਸ ਤਰ੍ਹਾਂ ਇਹ ਦੁਨੀਆਂ ਦਾ ਪਹਿਲਾ ਪੰਜਾਬੀ ਨਾਵਲ ਹੈ, ਜੋ ਅਨਪ੍ਹੜ ਵਿਅਕਤੀ ਵੀ ਪੜ੍ਹ ਸਕਦਾ ਹੈ। ਇਹ ਤਕਨੀਕ ਚਾਰਲਸ ਡਿੱਕਨਜ਼ ਸਮੇਤ ਵੈਕਟੋਰੀਅਨ ਯੁਗ ਦੇ ਅਨੇਕਾਂ ਅੰਗਰੇਜ਼ੀ ਨਾਵਲਕਾਰਾਂ ਨੇ ਅਪਣਾਈ, ਪਰ ਅਸਲ ਤਸਵੀਰਾਂ ਪੇਸ਼ ਕਰਕੇ ਨਾਵਲ ਦੇ ਇਤਿਹਾਸ ਵਿਚ, ਸਿੱਧੂ ਨੇ ਨਵੀਂ ਪਿਰਤ ਪਾਈ ਹੈ। 
ਪ੍ਰੋ: ਐਚ ਐਸ ਡਿੰਪਲ 
ਆਬਕਾਰੀ ਤੇ ਕਰ ਅਫ਼ਸਰ 
ਲੁਧਿਆਣਾ - 1
contact to buy this book:
00447713038541 (Whatsapp)
email: balrajssidhu@yahoo.co.uk
Price 350 Rs

No comments:

Post a Comment