ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਦੇ ਵਰਕੇ ਫ਼ੋਲਦਾ ਨਾਵਲ 'ਸ਼ਹੀਦ'


ਲੋਕ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਅਤੇ ਕਲਾ ਬਾਰੇ ਪਹਿਲਾ ਵੀ ਕਈ ਲੇਖਕਾਂ ਨੇ ਕਿਤਾਬਾਂ ਲਿਖੀਆਂ ਹਨ, ਪਰ ਇੰਗਲੈਂਡ ਵਾਸੀ ਬਲਰਾਜ ਸਿੰਘ ਸਿੱਧੂ ਨੇ ਚਮਕੀਲੇ ਦੀ ਸੰਘਰਸ਼ਮਈ ਜ਼ਿੰਦਗੀ ਨਾਲ ਜੁੜੇ ਅਣਛੋਹੇ ਤੱਥਾਂ ਨੂੰ ਨਾਵਲ 'ਸ਼ਹੀਦ' ਦਾ ਨਾਂ ਦੇ ਕੇ ਉਸਦੇ ਪ੍ਰਸ਼ੰਸਕਾਂ/ਪਾਠਕਾਂ ਦੀ ਨਜ਼ਰ ਕੀਤਾ ਹੈ।ਜਿਸਦੀ ਚਰਚਾ ਪੰਜਾਬੀ ਗਾਇਕਾਂ ਅਤੇ ਆਲੋਚਕਾਂ ਵਿਚ ਬਹੁਤ ਮਘੀ ਹੋਈ ਹੈ। ਸਭ ਤੋਂ ਵੱਡੀ ਗੱਲ ਇਹ ਕਿ ਬਲਰਾਜ ਸਿੱਧੂ ਨੇ ਇਸ ਨਾਵਲ ਦਾ ਸਿਰਲੇਖ 'ਸ਼ਹੀਦ' ਰੱਖ ਕੇ ਚਮਕੀਲੇ ਨੁੰ ਪੰਜਾਬੀ ਗਾਇਕੀ ਦੇ ਖੇਤਰ ਵਿਚ 'ਸ਼ਹੀਦ' ਦਾ ਦਰਜ਼ਾ ਦੇਣ ਦੀ ਗੱਲ ਕੀਤੀ ਹੈ, ਜੋ ਬਹੁਤਿਆਂ ਨੂੰ ਹਜ਼ਮ ਨਹੀਂ ਹੋਈ। ਲੇਖਕ ਨੇ ਚਮਕੀਲੇ ਦੇ ਇਸ ਨਾਵਲ ਵਿਚ ਉਸਦੀ ਜ਼ਿੰਦਗੀ ਦੇ ਭੇਦ ਉਜਾਗਰ ਕਰਦਿਆਂ ਅਨੇਕਾਂ ਕੋੜੇ-ਮਿੱਠੇ ਤਜਰਬਿਆ ਨੂੰ ਸਾਂਝਾ ਕੀਤਾ ਹੈ। ਜਿਹੜੀਆਂ ਗੱਲਾਂ ਦਾ ਵਿਸਥਾਰ ਪੂਰਵਕ ਵਰਨਣ ਪਹਿਲੇ ਲੇਖਕ ਆਪਣੀਆਂ ਕਿਤਾਬਾਂ ਵਿਚ ਨਹੀਂ ਕਰ ਸਕੇ, ਉਹ ਸਿੱਧੂ ਨੇ ਆਪਣੀ ਬੇਬਾਕ ਸ਼ਬਦਾਵਲੀ 'ਚ ਬੜੀ ਨਿਡਰਤਾ ਨਾਲ ਕੀਤਾ ਹੈ।

ਧਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਬਣ ਕੇ ਪੰਜਾਬੀ ਗਾਇਕੀ ਦੇ ਅੰਬਰਾਂ 'ਤੇ ਚਮਕਣ ਵਾਲਾ ਚਮਕੀਲਾ' ਆਪਣੇ ਪਿੰਡ ਦੁੱਗਰੀ ਦਾ ਨਾਂ ਦੁਨੀਆਂ ਭਰ ਦੇ ਨਕਸ਼ੇ 'ਤੇ ਚਮਕਾਅ ਗਿਆ। 27 ਸਾਲ ਪਹਿਲਾਂ ਅੱਤਵਾਦ ਦੇ ਦੌਰ ਵਿਚ ਮਾੜੇ ਹਾਲਾਤਾਂ ਦੀ ਭੇਟ ਚੜ੍ਹਿਆ ਇਹ ਗਾਇਕ ਆਪਣੀ ਸਾਥਣ ਗਾਇਕਾ ਅਤੇ ਸ਼ਾਜੀਆਂ ਸਮੇਤ ਕੁਝ ਅਖੌਤੀ ਲੋਕਾਂ ਦੀ ਸਾਜਿਸ਼ ਦਾ ਸ਼ਿਕਾਰ ਹੋ ਗਿਆ। ਦਿਨਾਂ ਵਿਚ ਹੀ ਆਪਣੀ ਲੇਖਣੀ ਅਤੇ ਗਾਇਕੀ ਨਾਲ ਆਪਣੇ ਉਸਤਾਦਾਂ ਅਤੇ ਸਮਕਾਲੀਆਂ ਤੋਂ ਅੱਗੇ ਲੰਘਣ ਵਾਲੇ ਚਮਕੀਲੇ ਨੇ ਆਪਣੀ ਕਲਾ ਦੇ ਐਸੇ ਝੰਡੇ ਗੱਡੇ ਕਿ ਬਹੁਤਿਆਂ ਦੇ ਵਾਜੇ-ਢੋਲਕੀਆਂ ਵੱਜਣੇ ਬੰਦ ਹੋ ਗਏ ਸੀ। ਗਰੀਬੀ ਦੀ ਦਲਦਲ ਵਿਚੋਂ ਕਮਲ ਬਣ ਕੇ ਉੱਠਿਆ ਧਨੀ, ਗਾਇਕੀ ਦੇ ਖੇਤਰ ਵਿਚ ਕੋਹਿਨੂਰ ਹੀਰਾ ਬਣਕੇ ਚਮਕਿਆ। ਉਸਨੇ ਇੱਕ ਦਿਨ ਵਿਚ ਚਾਰ ਚਾਰ ਅਖਾੜੇ ਵੀ ਲਾਏ ਤੇ ਸਾਲ ਦੇ 365 ਦਿਨਾਂ ਵਿਚ 430 ਪ੍ਰੌਗਰਾਮ ਕਰਨ ਦਾ ਵੀ ਰਿਕਾਰਡ ਕਾਇਮ ਕੀਤਾ। ਪੈਸੇ ਅਤੇ ਸ਼ੌਹਰਤ ਦੇ ਅੰਬਰਾਂ 'ਤੇ ਉਡਾਰੀਆਂ ਮਾਰਦੇ ਚਮਕੀਲੇ ਨੇ ਆਪਣੇ ਅਤੀਤ ਨੂੰ ਨਹੀਂ ਭੁਲਾਇਆ। ਉਸਨੇ ਆਪਣੀ ਗ਼ਰੀਬੀ ਨੂੰ ਕਦੇ ਅੱਖੋਂ ਪਰੋਖੇ ਵੀ ਨਹੀਂ ਕੀਤਾ। ਅਮੀਰ ਹੋ ਕੇ ਵੀ ਉਹ ਗਰੀਬਾਂ ਦਾ ਹਮਦਰਦ ਬਣਿਆ ਰਿਹਾ। ਉਸਨੇ ਕਦੇ ਆਪਣੀ ਚੜਾ੍ਹਈ ਦਾ ਗਰੂਰ ਨਹੀਂ ਪਾਲਿਆ। ਉਸ ਨਾਲ ਜੁੜੇ ਸਾਜ਼ੀ,ਦਫ਼ਤਰੀ ਅਮਲੇ ਦੇ ਲੋਕ ਰੱਜਵੀਂ ਰੋਟੀ ਖਾਣ ਲੱਗੇ ਪਏ ਸੀ।
ਇਸ ਨਾਵਲ ਦਾ ਅੰਤਲਾ ਕਾਂਡ ਕਿਸੇ ਫ਼ਿਲਮੀ ਕਲਾਈਮੈਕਸ ਵਾਂਗ ਹੈ। ਇੰਝ ਲੱਗਦਾ ਹੈ ਜਿਵੇਂ ਸਾਰਾ ਕੁਝ ਅੱਖਾਂ ਸਾਹਮਣੇ ਹੋ ਰਿਹਾ ਹੋਵੇ। ਜਣੇਪੇ ਤੋਂ ਬਾਅਦ ਪਹਿਲੀ ਵਾਰ ਪ੍ਰੌਗਰਾਮ 'ਤੇ ਗਈ ਅਮਰਜੌਤ ਨੂੰ ਮਾਇਕ ਤੱਕ ਜਾਣਾ ਵੀ ਨਸੀਬ ਨਾ ਹੋਇਆ। ਇੱਕ ਗਿਣੀ-ਮਿਥੀ ਸ਼ਾਜਿਸ ਤਹਿਤ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਵਿਆਹ ਦੇ ਭਰੇ ਮਾਹੌਲ ਵਿਚ,ਉਸਦੇ ਹਜ਼ਾਰਾਂ ਪ੍ਰਸ਼ੰਸਕਾਂ ਦੇ ਇਕੱਠ ਵਿਚ ਕੁਝ ਅਖੌਤੀ ਸੰਗਠਨਾਂ ਦੇ ਦਾਅਵੇਦਾਰਾਂ ਵਲੋਂ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਇੰਝ ਲੱਗਦਾ ਹੈ ਜਿਵੇਂ ਇਸ ਕਲਾਕਾਰ ਦਾ ਅੰਤ ਸਾਰੇ ਪੰਜਾਬ ਦੇ ਕਾਲਜੇ ਵਲੂੰਧਰ ਗਿਆ ਹੋਵੇ। 
ਬਲਰਾਜ ਸਿੱਧੂ ਦੇ ਪਹਿਲੇ ਲਿਖੇ ਨਾਵਲਾਂ ਦੀ ਪਰਖ-ਪੜਚੋਲ ਕਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਉਹ ਬੜਾ ਬੇਬਾਕ ਤੇ ਨਿਧੱੜਕ ਹੋ ਕੇ ਲਿਖਣ ਵਾਲਾ ਲੇਖਕ ਹੈ। ਪਾਠਕ ਨੂੰ ਲਿਖਤ ਨਾਲ ਜੋੜੀ ਰੱਖਣ ਦੀ ਉਸ ਕੋਲ ਤਕਨੀਕ ਹੈ। ਰੁਮਾਂਟਿਕਤਾਂ ਦੀ ਚਾਸ਼ਨੀ 'ਚ ਨੁਚੜਦੇ ਵਿਸ਼ਿਆਂ 'ਤੇ ਉਸਦੀ ਪਕੜ ਵਧੇਰੇ ਰਹਿੰਦੀ ਹੈ। ਇਸ ਨਾਵਲ ਵਿਚ ਵੀ ਉਸਨੇ ਪਾਠਕਾਂ ਨੂੰ ਅਜਿਹੇ ਸੁਆਦ ਤੋਂ ਅਭਿੱਜ ਨਹੀਂ ਰੱਖਿਆ। ਦੂਜੀ ਪਤਨੀ ਅਮਰਜੋਤ ਦੇ ਜਣੇਪਾ ਦਿਨਾਂ ਦੌਰਾਨ ਚਮਕੀਲੇ ਨਾਲ ਪ੍ਰੋਗਰਾਮਾਂ 'ਤੇ ਜਾਣ ਵਾਲੀ ਇੱਕ ਸਹਿ-ਗਾਇਕਾ ਦੇ ਦਿਲ ਵਿਚ ਚਮਕੀਲੇ ਪ੍ਰਤੀ ਬਲਦੀ ਇਸ਼ਕੇ ਦੀ ਲਾਟ ਵੀ ਸਪਸ਼ਟ ਰੂਪ ਵਿਚ ਸਾਹਮਣੇ ਆਉਂਦੀ ਹੈ, ਪਰ ਚਮਕੀਲਾ ਇਸ ਮਾਮਲੇ ਵਿਚ ਸਭ ਕੁਝ ਜਾਣਦਾ ਹੋਇਆ ਵੀ ਹੋਰਨਾਂ ਗਾਇਕਾਂ ਵਾਂਗ ਆਪਣੇ ਜਤ-ਸਤ ਤੋਂ ਨਹੀਂ ਡੋਲਦਾ। ਇਸ ਤਰ੍ਹਾਂ ਲੇਖਕ ਨੇ ਗੀਤਾਂ ਦੇ ਗਰਮ ਵਿਸ਼ੇ ਕਰਕੇ ਮਸ਼ਹੂਰ ਚਮਕੀਲੇ ਨੂੰ ਨਿੱਜੀ ਜ਼ਿੰਦਗੀ ਵਿਚ ਔਰਤ ਦੇ ਸਤਿਕਾਰ ਦਾ ਪਾਤਰ ਵਿਖਾਇਆ ਹੈ। ਮੋਰਾਂ ਦਾ ਮਹਾਰਾਜਾ, ਮਸਤਾਨੀ, ਅੱਗ ਦੀ ਲਾਟ' ਪੁਸਤਕਾਂ ਵਾਂਗ ਉਸਦਾ ਇਹ ਨਾਵਲ 'ਸ਼ਹੀਦ' ਵੀ ਗਰਮ ਪਕੋੜਿਆਂ ਵਾਂਗ ਵਿਕ ਰਿਹਾ ਹੈ। ਇਸ ਬਾਰੇ ਬਲਰਾਜ ਦਾ ਕਹਿਣਾ ਹੈ ਕਿ ਬਹੁਤ ਘੱਟ ਲੇਖਕ ਹਨ ਜਿੰਨ੍ਹਾਂ ਦੀਆਂ ਪੁਸਤਕਾਂ ਨੂੰ ਇਸ ਤਰ੍ਹਾਂ ਪਾਠਕਾਂ ਦਾ ਸਮੂਹ ਮਿਲਦਾ ਹੈ। ਬਹੁਤੇ ਲੇਖਕਾਂ ਦੀ ਤਰਾਸ਼ਦੀ ਹੈ ਕਿ ਉਨ੍ਹਾਂ ਨੂੰ ਆਪਣੀ ਪੁਸਤਕ ਪ੍ਰਸ਼ਾਦਿ ਦੀ ਤਰ੍ਹਾਂ ਵੰਡਣੀ ਪੈਂਦੀ ਹੈ।
ਇਸ ਨਾਵਲ ਨੂੰ ਪੜਦਿਆਂ ਇੰਝ ਮਹਿਸੂਸ ਹੁੰਦਾ ਹੈ ਕਿ ਚਮਕੀਲਾ ਮਰਿਆ ਨਹੀਂ ਬਲਕਿ ਜਿਊਂਦਾ ਹੋਵੇ ।ਜ਼ਰਾ ਸੋਚੋ, ਮਾਰਚ 1988 ਨੂੰ ਕਤਲ ਕੀਤੇ ਚਮਕੀਲਾ ਜੋੜੀ ਦੇ ਗਾਏ ਗੀਤਾਂ ਨੂੰ ਅੱਜ 27 ਸਾਲਾਂ ਬਾਅਦ ਵੀ ਪਹਿਲਾਂ ਨਾਲੋਂ ਕਿਤੇ ਵੱਧ ਨਵੀਂ ਪੀੜ੍ਹੀ ਦੇ ਸਰੋਤੇ ਸੁਣ ਰਹੇ ਹਨ। ਅੱਜ ਦੇ ਬਹੁਤੇ ਗਾਇਕ ਚਮਕੀਲੇ ਦੇ ਗੀਤਾਂ, ਤਰਜ਼ਾਂ ਨੂੰ ਗਾ ਰਹੇ ਹਨ। ਅਨੇਕਾਂ ਵਿਦਿਆਰਥੀ ਉਸਦੀ ਕਲਾ ਜ਼ਿੰਦਗੀ 'ਤੇ ਪੀ ਐੱਚ ਡੀ ਕਰ ਰਹੇ ਹਨ।ਫ਼ਿਲਮਾਂ ਬਣ ਰਹੀਆਂ ਹਨ, ਨਾਵਲ, ਜ਼ਿੰਦਗੀਨਾਮੇ ਲਿਖੇ ਜਾ ਰਹੇ ਹਨ। ਕੀ ਪਹਿਲਾਂ ਅਜਿਹਾ ਕਿਸੇ ਹੋਰ ਮਰ ਚੁੱਕੇ ਗਾਇਕ ਦੇ ਹਿੱਸੇ ਆਇਆ ਹੈ...?
ਬਲਰਾਜ ਸਿੰਘ ਸਿੱਧੂ ਇਸ ਨਾਵਲ 'ਸ਼ਹੀਦ' ਦੀ ਸਿਰਜਣਾ ਲਈ ਇੱਕ ਵੱਡੀ ਵਧਾਈ ਦਾ ਪਾਤਰ ਹੈ।ਇਸ ਨਾਵਲ ਸਦਕਾ ਉਸਦਾ ਸਾਹਿਤਕ ਕੱਦ ਹੋਰ ਵੀ ਉੱਚਾ ਹੋਇਆ ਹੈ। ਸੰਗੀਤ ਨਾਲ ਜੁੜੇ ਲੋਕਾਂ ਲਈ ਇਹ ਨਾਵਲ ਵਾਰ ਵਾਰ ਪੜ੍ਹਨ ਵਾਲਾ ਤੇ ਸਾਂਭਣਯੋਗ ਹੈ। ਪੰਜਾਬ ਪਬਲੀਕੇਸ਼ਨ ਵਲੋਂ ਪ੍ਰਕਾਸ਼ਿਤ ਇਹ ਪੁਸਤਕ ਪੰਜਾਬ ਵਿਚ 99154-16013 ਅਤੇ ਇੰਗਲੈਂਡ ਵਿਚ+0044-7713-038-541 'ਤੇ ਕਾਲ ਕਰਕੇ ਹਾਸਿਲ ਕੀਤੀ ਜਾ ਸਕਦੀ ਹੈ। 
-੦- 
ਸੁਰਜੀਤ ਜੱਸਲ 9814607737 

No comments:

Post a Comment